ਹੰਬੜਾਂ, 5 ਫਰਵਰੀ (ਮੇਜਰ ਹੰਬੜਾਂ)-ਲੁਧਿਆਣਾ ਨੇੜਲੇ ਪਿੰਡ ਖਹਿਰਾ ਬੇਟ ਵਿਖੇ ਸਤਲੁਜ ਦਰਿਆ 'ਤੇ ਮਾਈਨਿੰਗ ਸ਼ਰੂ ਕਰਵਾਉਣ ਲਈ ਜਿਵਾੇ ਹੀ ਪ੍ਰਸ਼ਾਸਨ ਦੇ ਅਧਿਕਾਰੀ, ਠੇਕੇਦਾਰ ਵੱਡੀ ਗਿਣਤੀ 'ਚ ਪੁਲਿਸ ਨੂੰ ਨਾਲ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਡੰਡੇ ਦੇ ਜ਼ੋਰ ਨਾਲ ਦਰਿਆ ਦੇ ਬੰਨ੍ਹ ਦੇ ਨੇੜੇ ਨਾਜਾਇਜ਼ ਮਾਈਨਿੰਗ ਸ਼ੁਰੂ ਕਰਵਾਉਣ ਲੱਗੇ ਤਾਂ ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਲੱਗਣ 'ਤੇ ਦੇਖਦੇ ਹੀ ਦੇਖਦੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ ਤੇ ਸਥਿਤੀ ਤਣਾਪੂਰਨ ਬਣ ਗਈ | ਇਸ ਦੌਰਾਨ ਹੀ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਤੇ ਉੱਥੇ ਮੌਜੂਦ ਲੋਕਾਂ ਦੀ ਪੁਲਿਸ ਨਾਲ ਜ਼ਬਰਦਸਤ ਬਹਿਸ ਹੋ ਗਈ ਤੇ ਦੇਖਦੇ-ਦੇਖਦੇ ਮਾਹੌਲ ਇਕ ਵਾਰ ਪੂਰਾ ਗਰਮ ਹੋ ਗਿਆ | ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਮੁੜ ਪਿੰਡ ਖਹਿਰਾ ਬੇਟ ਦੇ ਲੋਕਾਂ ਸਮੇਤ ਨਾਲ ਲੱਗਦੇ ਪਿੰਡ ਨੂਰਪੁਰ ਬੇਟ, ਬੁਰਜ ਲਾਂਬੜਾ, ਬੁਰਜ ਮਾਨ ਕੌਰ, ਰਜਾਪੁਰ, ਕਸਬਾ ਹੰਬੜਾਂ 'ਤੇ ਹੋਰ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਖੋਸਾ ਜਥੇਬੰਦੀ ਵਲੋਂ ਧਰਨਾ ਲਗਾ ਕੇ ਰੇਤ ਮਾਫੀਏ ਅਤੇ ਪ੍ਰਸ਼ਾਸਨ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ, ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ, ਬੀਕੇਯੂ ਖੋਸਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ, ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਬੀਕੇਯੂ ਡਕੌਂਦਾ ਦੇ ਆਗੂ ਇੰਦਰਜੀਤ ਸਿੰਘ ਗੋਰਸੀਆਂ ਹਾਕਮ ਰਾਏ, ਆਗੂ ਧਿਆਨ ਸਿੰਘ ਗੌਂਸਪੁਰ, ਪ੍ਰਧਾਨ ਰਘਵੀਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹ ਇੱਥੇ ਨਾਜ਼ੁਕ ਪੁਆਇੰਟ ਹੋਣ ਕਰਕੇ ਮਾਈਨਿੰਗ ਨਹੀਂ ਹੋਣ ਦੇਣਗੇ, ਪਰ ਪ੍ਰਸ਼ਾਸਨ ਵਲੋਂ ਮੁੜ ਮਾਈਨਿੰਗ ਦੇ ਕੰਮ ਸ਼ੁਰੂ ਕਰਵਾ ਦਿੱਤੇ ਗਏ, ਜਿਸ ਨੂੰ ਇਲਾਕੇ ਦੇ ਲੋਕ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਖੇਤੀਬਾੜੀ ਸਭਾ ਖਹਿਰਾ ਬੇਟ ਦੇ ਪ੍ਰਧਾਨ ਚਰਨਜੀਤ ਸਿੰਘ, ਹਰਜੀਤ ਸਿੰਘ ਖਹਿਰਾ, ਪੰਚਾਇਤ ਮੈਂਬਰ ਗੁਰਦੀਪ ਸਿੰਘ ਖਹਿਰਾ, ਮੀਤ ਪ੍ਰਧਾਨ ਜਸਪਾਲ ਸਿੰਘ ਨੂਰਪੁਰ, ਸੰਤੋਖ ਸਿੰਘ ਖ਼ਾਲਸਾ, ਜਗਜੀਤ ਸਿੰਘ ਜੱਗੂ, ਡਾ. ਪੂਰਨ ਸਿੰਘ ਖਹਿਰਾ, ਸਵਰਨ ਸਿੰਘ ਸਮੇਤ ਹੋਰ ਜਥੇਬੰਦੀਆਂ ਦੇ ਆਗੂ ਤੇ ਪਿੰਡ ਦੀਆਂ ਮਹਿਲਾਵਾਂ ਵੱਡੀ ਗਿਣਤੀ 'ਚ ਮੌਜੂਦ ਸਨ |
ਠੇਕੇਦਾਰ ਅਤੇ ਪ੍ਰਸ਼ਾਸਨ ਮਿਲਕੇ ਕਰੋੜਾਂ ਰੁਪਏ ਕਮਾਉਣਾ ਚਾਹੁੰਦਾ ਹੈ-ਕਾਮਰੇਡ ਰਾਜੂ/ਲੱਕੀ ਖਹਿਰਾ
ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਅਤੇ ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਠੇਕੇਦਾਰ ਪ੍ਰਸ਼ਾਸਨ ਨਾਲ ਮਿਲਕੇ ਡੀਸਾਈਟਲਿੰਗ ਦੀ ਆੜ 'ਚ ਮਾਈਨਿੰਗ ਕਰਕੇ ਕਰੋੜਾਂ ਰੁਪਏ ਕਮਾਉਣਾ ਚਾਹੁੰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ 'ਤੇ ਅਜਿਹਾ ਨਹੀਂ ਹੋਣ ਦੇਵਾਂਗੇ |
ਖਹਿਰਾ ਬੇਟ ਮਾਈਨਿੰਗ ਪੁਆਇੰਟ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ
ਖਹਿਰਾ ਬੇਟ ਮਾਈਨਿੰਗ ਪੁਆਇੰਟ 'ਤੇ ਜਿੱਥੇ ਤਹਿਸੀਲਦਾਰ ਹਰਕੀਰਤ ਸਿੰਘ ਡੇਹਲੋਂ, ਏ.ਸੀ.ਪੀ. ਜਤਿੰਦਰਪਾਲ ਸਿੰਘ ਵੈਸਟ, ਮਾਈਨਿੰਗ ਵਿਭਾਗ ਦੇ ਜੇ.ਈ. ਅੰਕਿਤ ਕੁਮਾਰ, ਹੰਬੜਾਂ ਚੌਂਕੀ ਇੰਚਾਰਜ ਗੁਰਚਰਨਜੀਤ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਤਾਇਨਾਤ ਸੀ ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ | ਪੁਲਿਸ ਪ੍ਰਸ਼ਾਸਨ ਦੀ ਵੱਡੀ ਗਿਣਤੀ ਤਾਇਨਾਤੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਪ੍ਰਸ਼ਾਸਨ ਜ਼ਬਰੀ ਇਹ ਮਾਈਨਿੰਗ ਦੇ ਕੰਮ ਚਲਾਉਣ ਲਈ ਪੱਬਾਂ ਭਾਰ ਸੀ | ਇਥੇ ਏ.ਸੀ.ਪੀ ਜਤਿੰਦਰਪਾਲ ਸਿੰਘ, ਮਾਈਨਿੰਗ ਵਿਭਾਗ ਦੇ ਜੇ.ਈ ਅੰਕਿਤ ਕੁਮਾਰ ਵਲੋਂ ਲੋਕਾਂ ਨੂੰ ਕਿਹਾ ਕਿ ਇੱਥੇ ਮਾਈਨਿੰਗ ਨਹੀਂ ਕੀਤੀ ਜਾ ਰਹੀ, ਸਗੋਂ ਡੀਸਾਈਟਲਿੰਗ (ਸਿਲਟ ਹਟਾਉਣ) ਦਾ ਮੁੱਖ ਮਕਸਦ ਹੜ੍ਹਾਂ ਦੀ ਰੋਕਥਾਮ ਅਤੇ ਪਾਣੀ ਦੇ ਵਹਾਅ ਨੂੰ ਸੁਚਾਰੂ ਬਣਾਉਣਾ ਹੈ |
ਡੰਡੇ ਦੇ ਜ਼ੋਰ ਨਾਲ ਖਹਿਰਾ ਬੇਟ 'ਚ ਸਤਲੁਜ ਦਰਿਆ 'ਚੋਂ ਮਾਈਨਿੰਗ ਸ਼ੁਰੂ ਕਰਵਾਉਣ ਵਿਰੁੱਧ ਪਿੰਡ ਵਾਸੀਆਂ ਤੇ ਜਥੇਬੰਦੀਆਂ ਵਲੋਂ ਧਰਨਾ
ਅਜੀਤ ਡੈਸਕ
06-02-2026