ਪਟਿਆਲਾ, 5 ਫਰਵਰੀ (ਮਨਦੀਪ ਸਿੰਘ ਖਰੌੜ)-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਪੰਜਾਬ ਭਰ 'ਚ ਲੋਕਾਂ ਵਲੋਂ ਸਰਾਹਿਆ ਜਾ ਰਿਹਾ ਹੈ | ਹਰ ਇਕ ਵਿਅਕਤੀ ਸਰਕਾਰ ਦੇ ਇਸ ਕਦਮ ਨੂੰ ਇਕ ਕ੍ਰਾਂਤੀਕਾਰੀ ਫ਼ੈਸਲਾ ਦੱਸ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 'ਅਜੀਤ' ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਸਧਾਰਨ ਲੋਕਾਂ ਦੀ ਪਾਰਟੀ ਹੈ ਅਤੇ ਲੋਕ ਪੱਖੀ ਕੰਮ ਕਰ ਰਹੀ ਹੈ | ਹੁਣ ਪੰਜਾਬ 'ਚ ਹਰ ਇਕ ਵਿਅਕਤੀ ਜਾਣਦਾ ਹੈ ਕਿ ਇਥੇ ਬਿਜਲੀ, ਸਿੱਖਿਆ, 10 ਲੱਖ ਤੱਕ ਮੁਫ਼ਤ ਇਲਾਜ ਅਤੇ ਔਰਤਾਂ ਨੂੰ ਸਫ਼ਰ ਬਿਲਕੁਲ ਮੁਫ਼ਤ ਵਿਚ ਮਿਲ ਰਿਹਾ ਹੈ | ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਕਾਰਨ ਹੀ ਸੰਭਵ ਹੋਇਆ ਹੈ | ਸਿਹਤ ਮੰਤਰੀ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਾਰਕੁਨ ਘਰ ਘਰ ਜਾ ਕੇ ਲੋਕਾਂ ਨੂੰ ਟੋਕਨ ਦੇਣਗੇ ਤਾਂ ਜੋ ਉਹ ਆਪਣੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਣਵਾ ਸਕਣ ਇਸ ਸੰਬੰਧੀ ਪ੍ਰਕਿ੍ਆ ਜਾਰੀ ਹੈ | ਆਉਣ ਵਾਲੇ ਮਹੀਨਿਆਂ ਵਿਚ ਆਮ ਆਦਮੀ ਪਾਰਟੀ ਪਿੰਡਾਂ ਵਿਚ ਵੀ ਕਲੀਨਿਕ ਖੋਲ੍ਹਣ ਜਾ ਰਹੀ ਹੈ ਜਿਸ ਤਹਿਤ ਹੁਣ ਹਰ ਇਕ ਵਿਅਕਤੀ ਨੂੰ ਆਪਣੇ ਹੀ ਇਲਾਕੇ ਵਿਚ ਹੋਰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ | ਦੂਜੇ ਪਾਸੇ ਇਕ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੀ ਕੋਈ ਵਿਚਾਰਧਾਰਾ ਨਹੀਂ ਹੈ ਉਹ ਤਾਂ ਸੱਤਾ ਦੀ ਕੁਰਸੀ ਹਾਸਲ ਕਰਨ ਲਈ ਹੀ ਰਾਜਨੀਤੀ ਕਰ ਰਹੇ ਹਨ | ਜਦ ਕਿ ਆਮ ਆਦਮੀ ਪਾਰਟੀ ਲੋਕ ਹਿਤ ਦੀ ਲੜਾਈ ਲੜ ਰਹੀ ਹੈ | ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਵਿਚ ਰਾਜਿਆਂ ਦਾ ਰਾਜ ਸੀ ਅਕਾਲੀ ਦਲ ਦੀ ਸਰਕਾਰ ਵਿਚ ਬਾਦਲਾਂ ਦਾ ਰਾਜ ਸੀ | 2022 ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਕਾਰਨ ਆਮ ਲੋਕਾਂ ਦਾ ਰਾਜ ਆਇਆ ਹੈ ਜਿਸ ਦੇ ਨਤੀਜੇ ਵੀ ਹੁਣ ਲੋਕਾਂ ਸਾਹਮਣੇ ਆ ਗਏ ਹਨ |