ਰਾਏਕੋਟ, 5 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਲਿੱਤਰ ਵਿਖੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਸ ਨਗਰ 'ਚ ਚਰਨ ਪਾਉਣ ਦੀ ਖੁਸ਼ੀ 'ਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਸਬੰਧੀ ਅੱਜ ਪੋਸਟਰ ਜਾਰੀ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਰੀਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮੋਹਣ ਸਿੰਘ ਹੇਅਰ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕੀ ਕਮੇਟੀ, ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਾਲਾਨਾ ਜੋੜ ਮੇਲਾ 15, 16 ਅਤੇ 17 ਫਰਵਰੀ 2026 ਨੂੰ ਮਨਾਇਆ ਜਾਵੇਗਾ, ਜਿਸ ਦੌਰਾਨ 15 ਫਰਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਗੁਰਦੁਆਰਾ ਕਰੀਰ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਬਰ੍ਹਮੀ ਅਤੇ ਪਿੰਡ ਲਿੱਤਰ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ, ਜਿਸ ਦੌਰਾਨ ਭਾਈ ਲਖਵੀਰ ਸਿੰਘ ਤਖਤੂਪੁਰਾ ਦਾ ਕਵੀਸ਼ਰੀ ਜੱਥਾ ਸੰਗਤਾਂ ਨਾਲ ਗੁਰਇਤਿਹਾਸ ਦੀ ਸਾਂਝ ਪਾਵੇਗਾ, ਜਦਕਿ 16 ਤੇ 17 ਫਰਵਰੀ ਨੂੰ ਢਾਡੀ ਤੇ ਕਵੀਸ਼ਰ ਦਰਬਾਰ ਸਜੇਗਾ | ਜਿਸ ਵਿਚ ਸਿੱਖ ਪੰਥ ਦੇ ਉੱਚ ਕੋਟੀ ਦੇ ਢਾਡੀ-ਕਵੀਸ਼ਰ ਜਥੇ ਭਾਈ ਹਰਨੇਕ ਸਿੰਘ ਬੁਲੰਦਪੁਰੀ, ਬੀਬੀ ਜਸਵੀਰ ਕੌਰ ਜੱਸ ਸੁਲਤਾਨਪੁਰ ਲੋਧੀ ਅਤੇ ਭਾਈ ਪਰਮਿੰਦਰ ਸਿੰਘ ਸਹੌਰ ਦੇ ਜਥਿਆਂ ਵਲੋਂ ਗੁਰੂ ਸਾਹਿਬਾਨ ਤੇ ਸਿੱਖ ਯੋਧਿਆਂ ਦਾ ਜੋਸ਼ ਭਰਿਆ ਇਤਿਹਾਸ ਸਰਵਣ ਕਰਵਾਇਆ ਜਾਵੇਗਾ | ਇਸ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੂਰਪੁਰਾ ਵਾਲਿਆਂ ਵਲੋਂ ਸਵੇਰੇ 11 ਵਜੇ ਤੋਂ 12 ਵਜੇ ਤੱਕ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਸ ਤੋਂ ਇਲਾਵਾ ਮਿਤੀ 5 ਫਰਵਰੀ ਤੋਂ 14 ਫਰਵਰੀ ਤੱਕ ਗਿਆਨੀ ਸੁਖਵਿੰਦਰ ਸਿੰਘ ਕਥਾਵਾਚਕ ਦਮਦਮੀ ਟਕਸਾਲ ਵਾਲੇ ਸਵੇਰੇ 5 ਵਜੇ ਤੋਂ 6 ਵਜੇ ਤੱਕ ਅਤੇ ਸ਼ਾਮ ਸਮੇਂ 4:30 ਤੋਂ 5:30 ਵਜੇ ਤੱਕ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਦੇ ਉਪਦੇਸ਼ ਦੇਣਗੇ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਜੋੜ ਮੇਲੇ ਵਿਚ ਪੁੱਜ ਕੇ ਆਪਣੇ ਜੀਵਨ ਨੂੰ ਸਫ਼ਲਾ ਬਣਾਇਆ ਜਾਵੇ | ਇਸ ਮੌਕੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੂਰਪੁਰਾ, ਸਾਬਕਾ ਸਰਪੰਚ ਗੁਰਚਰਨ ਸਿੰਘ ਸੋਹੀ, ਸੁਖਵੰਤ ਸਿੰਘ ਸੋਹੀ ਕੈਨੇਡਾ, ਕਮੇਟੀ ਮੈਂਬਰ ਜਸਵਿੰਦਰ ਸਿੰਘ ਸੋਹੀ, ਕਮੇਟੀ ਮੈਂਬਰ ਅਮਰਜੀਤ ਸਿੰਘ ਹੇਅਰ, ਕਮੇਟੀ ਮੈਂਬਰ ਅਮਰਜੀਤ ਸਿੰਘ, ਬਲਜਿੰਦਰ ਸਿੰਘ ਬੰਟੀ, ਨੰਬਰਦਾਰ ਹਰਪਿੰਦਰ ਸਿੰਘ ਨਿੱਪੀ, ਗਗਨਦੀਪ ਸਿੰਘ ਨੀਟਾ, ਮਿਸਤਰੀ ਦੀਪ ਸਿੰਘ, ਬਾਬਾ ਬੇਅੰਤ ਸਿੰਘ ਬੰਟੀ ਆਦਿ ਹਾਜ਼ਰ ਸਨ |