ਰਾਏਕੋਟ, 5 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸੂਬੇ 'ਚ ਨਗਰ ਕੌਂਸਲ ਚੋਣਾਂ ਕਰਵਾਉਣ ਸਬੰਧੀ ਭਾਵੇਂ ਮਾਣਯੋਗ ਹਾਈਕੋਰਟ ਵਲੋਂ ਰੋਕ ਲਗਾਈ ਗਈ ਹੈ ਪ੍ਰੰਤੂ ਫਿਰ ਵੀ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਜਿਉਂ ਦੀਆਂ ਤਿਉਂ ਹੀ ਬਰਕਰਾਰ ਹਨ | ਜਿਸ ਤਹਿਤ ਬਹੁਜਨ ਸਮਾਜ ਪਾਰਟੀ ਹਲਕਾ ਰਾਏਕੋਟ ਵਲੋਂ ਸ਼ਹਿਰ ਅੰਦਰ ਆਪਣੀ ਪਕੜ ਮਜ਼ਬੂਤ ਕਰਨ ਦੇ ਇਰਾਦੇ ਨਾਲ ਲੋਕਾਂ ਨਾਲ ਰਾਬਤੇ ਕਾਇਮ ਕੀਤੇ ਜਾ ਰਹੇ ਹਨ | ਇਸ ਮੌਕੇ ਅੱਜ ਬਹੁਜਨ ਸਮਾਜ ਪਾਰਟੀ ਵਲੋਂ ਸ਼ਹਿਰ ਦੇ ਵਾਰਡ ਨੰਬਰ-01 ਵਿਖੇ ਭਰਵੀਂ ਮੀਟਿੰਗ ਦੌਰਾਨ ਚਰਨਜੀਤ ਕੌਰ ਪਤਨੀ ਚੌਧਰੀ ਹਰਬੰਸ ਸਿੰਘ ਨੂੰ ਆਗਾਮੀ ਨਗਰ ਕੌਂਸਲ ਚੋਣਾਂ ਲਈ ਆਪਣਾ ਉਮੀਦਵਾਰ ਚੁਣਿਆ ਹੈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਹਰਭਜਨ ਸਿੰਘ ਦੁੱਲਮਾਂ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਬਸਪਾ ਨੇ ਸਦਾ ਲੋਕਾਂ ਦੇ ਹੱਕਾਂ ਦੀ ਖ਼ਾਤਰ ਆਰ-ਪਾਰ ਦੀ ਲੜਾਈ ਲੜ੍ਹੀ ਹੈ, ਇਸ ਸੰਕਲਪ ਤਹਿਤ ਆਗਾਮੀ ਚੋਣਾਂ ਵਿਚ ਬਸਪਾ ਇਕ ਮਜ਼ਬੂਤ ਧਿਰ ਬਣਕੇ ਚੋਣ ਮੈਦਾਨ ਵਿਚ ਉਤਰੇਗੀ ਅਤੇ ਹਰੇਕ ਵਾਰਡ ਤੋਂ ਚੋਣ ਲੜ੍ਹ ਕੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਵੇਗੀ | ਬਸਪਾ ਆਗੂਆਂ ਨੇ ਆਖਿਆ ਕਿ ਪਾਰਟੀ ਹਾਈਕਮਾਂਡ ਵਲੋਂ ਨਿਰਦੇਸ਼ ਜਾਰੀ ਹੋਏ ਹਨ ਕਿ ਘਰ-ਘਰ ਲੋਕਾਂ ਤੱਕ ਪਹੁੰਚ ਕਰਕੇ ਰਾਬਤੇ ਕਾਇਮ ਕੀਤੇ ਜਾਣ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ ਤਾਂ ਜੋ ਲੋਕ ਬਸਪਾ ਪਾਰਟੀ ਦੇ ਲੋਕਹਿੱਤ ਸਿਧਾਂਤਾ ਤੋਂ ਪ੍ਰੇਰਿਤ ਹੋ ਕੇ ਪਾਰਟੀ ਦਾ ਹਿੱਸਾ ਬਣ ਸਕਣ | ਇਸ ਮੌਕੇ ਨਿਰਮਲ ਸਿੰਘ ਭੀਖੀ, ਤਰਸੇਮ ਸਿੰਘ ਬਸਰਾਵਾਂ ਜ਼ਿਲ੍ਹਾ ਸਕੱਤਰ, ਰਾਂਝਾ ਸਿੰਘ ਗੋਂਦਵਾਲ ਜ਼ਿਲ੍ਹਾ ਸਲਾਹਕਾਰ, ਜਸਵਿੰਦਰ ਸਿੰਘ ਡਾਂਗੋਂ ਹਲਕਾ ਇੰਚਾਰਜ, ਹਰਗੋਬਿੰਦ ਸਿੰਘ ਬਿੱਟੂ ਮਹੇਰਨਾ ਕਲਾਂ ਜ਼ੋਨ ਇੰਚਾਰਜ, ਸੁਰਿੰਦਰ ਸਿੰਘ ਸਪਰਾ ਸ਼ਹਿਰੀ ਪ੍ਰਧਾਨ, ਹਰਬੰਸ ਸਿੰਘ ਹੰਸ, ਹਰਬੰਸ ਸਿੰਘ ਹੰਸ ਸ਼ਹਿਰੀ ਮੀਤ ਪ੍ਰਧਾਨ, ਆਤਮਾ ਸਿੰਘ ਮੋਝੀ ਸਲਾਹਕਾਰ, ਸੰਤੋਖ ਸਿੰਘ ਭਟੋਆ, ਨਿਰਮਲ ਸਿੰਘ, ਗੁਰਬਖਸ਼ ਸਿੰਘ, ਜੌਹਲਾਂ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |