ਹੰਬੜਾਂ, 5 ਫਰਵਰੀ (ਮੇਜਰ ਹੰਬੜਾਂ)-ਸੂਬਾ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਲਈ ਬਣਾਏ ਗਏ ਆਮ ਆਦਮੀ ਕਲੀਨਿਕਾਂ ਅਤੇ ਸਿਹਤ ਕੇਂਦਰਾਂ 'ਚ ਲੋਕ ਸਿਹਤ ਸਹੂਲਤਾਂ ਦਾ ਲਾਹਾ ਲੈਣ ਕਿਉਂਕਿ ਸਿਹਤ ਵਿਭਾਗ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ | ਇਹ ਪ੍ਰਗਟਾਵਾ ਸਿਵਲ ਸਰਜਨ (ਲੁਧਿਆਣਾ) ਡਾ: ਰਮਨਦੀਪ ਕੌਰ ਆਹਲੂਵਾਲੀਆ ਨੇ ਕਸਬਾ ਹੰਬੜਾਂ ਹਸਪਤਾਲ ਵਿਖੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਸਖ਼ਤ ਲਹਿਜ਼ੇ 'ਚ ਕਿਹਾ ਕਿ ਸਿਹਤ ਵਿਭਾਗ ਦੇ ਅਣਗਹਿਲੀ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ | ਡਾ: ਰਮਨਦੀਪ ਕੌਰ ਆਹਲੂਵਾਲੀਆ ਨੇ ਹੋਰ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਭਰ ਦੇ ਹਸਪਤਾਲਾਂ ਅੰਦਰ ਮਰੀਜ਼ਾਂ ਦੇ ਇਲਾਜ ਲਈ ਡਾਕਟਰੀ ਟੀਮਾਂ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀਆਂ ਹਨ ਤੇ ਮਰੀਜ਼ਾਂ ਨੂੰ ਹਰ ਪ੍ਰਕਾਰ ਦੀ ਦਵਾਈ ਮੁਹੱਈਆ ਕਰਵਾਏ ਜਾਣ ਲਈ ਸਿਹਤ ਵਿਭਾਗ ਵਚਨਬੱਧ ਹੈ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ, 'ਆਪ' ਆਗੂ ਬਲਵੀਰ ਸਿੰਘ ਬਿੱਟੂ, ਜਗਜੀਵਨ ਸਿੰਘ ਝੱਜ, ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਤੇ ਹੋਰ ਪਤਵੰਤਿਆਂ ਵਲੋਂ ਹੰਬੜਾਂ ਦੀ ਆਮ ਆਦਮੀ ਕਲੀਨਿਕ 'ਚ ਸਟਾਫ਼ ਦੀ ਕਮੀ ਨੂੰ ਦੂਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹੰਬੜਾਂ 'ਚ ਕੰਮ ਕਰ ਰਹੀ ਅਯੂਰਵੈਦਿਕ ਕਲੀਨਿਕ ਜਿੱਥੇ ਲੋਕਾਂ ਦੇ ਇਲਾਜ ਲਈ ਵਰਦਾਨ ਹੈ ਉੱਥੇ ਉਨ੍ਹਾਂ ਆਮ ਆਦਮੀ ਕਲੀਨਿਕ 'ਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਸ਼ਲਾਘਾ ਕੀਤੀ ਪਰ ਇੱਥੇ ਦੰਦਾਂ ਦਾ ਵਿਭਾਗ ਤੇ ਹੋਰ ਡਾਕਟਰੀ ਸਹੂਲਤਾਂ ਦੀ ਮੰਗ ਕੀਤੀ |