ਸਿੱਧਵਾਂ ਬੇਟ, 22 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਕਲ ਜਥੇਦਾਰ ਅਤੇ ਜ਼ੋਨ ਪੁੜੈਣ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਸਾਡੇ ਹਰਮਨ ਪਿਆਰੇ ਨੇਤਾ ਅਤੇ ਹਮੇਸ਼ਾਂ ਲੋਕ ਮੁੱਦਿਆਂ ਦੀ ਰਹਿਨੁਮਾਈ ਕਰਨ ਵਾਲੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਸਿਰਫ਼ ਕਸਬਾ ਸਿੱਧਵਾਂ ਬੇਟ ਤੋਂ ਵਾਇਆ ਹੰਬੜਾਂ-ਲੁਧਿਆਣਾ ਵਾਲੀ ਸੜਕ 'ਤੇ ਹੀਂ ਨਹੀਂ, ਸਗੋਂ ਅੱਗੇ ਸਿੱਧਵਾਂ ਬੇਟ ਤੋਂ ਧਰਮਕੋਟ ਵਾਲੇ ਪਾਸੇ ਜ਼ਿਲ੍ਹਾ ਲੁੁਧਿਆਣਾ ਦੀ ਹੱਦ 'ਤੇ ਪੈਂਦੇ ਪਿੰਡ ਪੱਤੀ ਮੁਲਤਾਨੀ ਤੱਕ ਪ੍ਰੀਮਿਕਸ ਪਵੇਗੀ, ਜਿਸ ਨਾਲ ਫਿਰੋਜ਼ਪੁਰ ਤੋਂ ਆਉਂਦੀ ਇਸ ਡਿਫੈਂਸ ਸੜਕ ਤੋਂ ਲੰਘਣ ਵਾਲੇ ਕਈ ਜ਼ਿਲਿ੍ਹਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਜਥੇਦਾਰ ਹਾਂਸ ਨੇ ਆਖਿਆ ਕਿ ਆਪਣੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਜਿਸ ਤਰ੍ਹਾਂ ਵਿਧਾਇਕ ਇਯਾਲੀ ਨੇ ਪਹਿਲਾਂ ਇਸ ਸੜਕ 'ਤੇ ਆਪਣੀ ਜੇਬ ਵਿਚੋਂ ਵੱਡੀ ਰਾਸ਼ੀ ਖਰਚ ਕੇ ਟੋਇਆਂ ਤੇ ਵਰਕਪੈਚ ਕਰਵਾਇਆ ਅਤੇ ਹੁਣ ਲਗਾਤਾਰ ਯਤਨ ਕਰਕੇ ਕਰੀਬ 42 ਕਿਲੋਮੀਟਰ ਲੰਬੀ ਸੜਕ 'ਤੇ ਪ੍ਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਹੋਇਆ | ਖਾਸ ਕਰਕੇ ਵਿਧਾਨ ਸਭਾ ਹਲਕਾ ਜਗਰਾਉਂ ਵਿਚ ਪੈਂਦੇ ਪਿੰਡਾਂ ਦੇ ਲੋਕ ਵੀ ਖੁਸ਼ ਵਿਖਾਈ ਦੇ ਰਹੇ ਹਨ, ਕਿਉਂਕਿ ਇਹ ਸੜਕ ਅੱਗੇ ਹਲਕਾ ਜਗਰਾਉਂ ਦੇ ਪਿੰਡਾਂ ਵਿਚ ਜਾ ਕੇ ਪੱਤੀ ਮੁਲਤਾਨੀ ਤੱਕ ਪੂਰੀ ਤਰ੍ਹਾਂ ਟੁੱਟੀ ਪਈ ਹੈ, ਪਰ ਹੁਣ ਸੜਕ ਦੇ ਬਣਨ ਨਾਲ ਲੋਕਾਂ ਨੂੰ ਵੱਡਾ ਫਾਇਦਾ ਪੁੱਜੇਗਾ | ਜਥੇਦਾਰ ਹਾਂਸ ਨੇ ਬੇਟ ਇਲਾਕੇ ਦੇ ਵੋਟਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਿਧਾਇਕ ਇਯਾਲੀ ਦੇ ਨਾਲ ਚਟਾਨ ਵਾਂਗ ਖੜ੍ਹ ਜਾਣ | ਇਸ ਮੌਕੇ ਯੂਥ ਆਗੂ ਨੰਬਰਦਾਰ ਹਰਿੰਦਰ ਸਿੰਘ ਕਾਕਾ, ਬਲਕਾਰ ਸਿੰਘ ਬਿੱਲਾ, ਭਾਈ ਦਵਿੰਦਰ ਸਿੰਘ ਖ਼ਾਲਸਾ, ਅਰਸਪ੍ਰੀਤ ਸਿੰਘ ਥਿੰਦ, ਅਮਨ ਥਿੰਦ, ਕਾਕਾ ਤੂਰ ਅਤੇ ਹੋਰ ਸਮੱਰਥਕਾਂ ਨੇ ਵਿਧਾਇਕ ਇਯਾਲੀ ਦੇ ਯਤਨਾਂ ਸਦਕਾ ਲੁਧਿਆਣਾ ਤੋਂ ਪੱਤੀ ਮੁਲਤਾਨੀ ਤੱਕ ਬਣ ਰਹੀ ਸੜਕ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ |