ਵਿਰਾਸਤੀ ਦਰਵਾਜ਼ੇ 'ਤਲਵੰਡੀ ਗੇਟ' ਦੀ ਸੰਦੂਕੀ ਛੱਤ ਢਾਹੁਣ ਦਾ ਮਾਮਲਾ ਠੱਲ੍ਹਣ ਦੀ ਬਜਾਏ ਦਿਨੋਂ-ਦਿਨ ਨਵੀਂ ਰੰਗਤ ਫੜਦਾ ਨਜ਼ਰ ਆਇਆ
• ਜੇਕਰ ਨਗਰ ਕੌਂਸਲ ਨੇ ਕਾਰਵਾਈ ਅਮਲ 'ਚ ਨਾ ਲਿਆਂਦੀ ਤਾਂ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ- ਪ੍ਰਧਾਨ ਅਮਨਦੀਪ ਸਿੰਘ ਗਿੱਲ
ਰਾਏਕੋਟ, 3 ਮਾਰਚ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸ਼ਹਿਰ ਦੇ ਵਿਰਾਸਤੀ ਦਰਵਾਜ਼ੇ 'ਤਲਵੰਡੀ ਗੇਟ' ਦੀ ਸੰਦੂਕੀ ਛੱਤ ਢਾਹੁਣ ਦਾ ਮਾਮਲਾ ਠੱਲ੍ਹਣ ਦੀ ਬਜਾਏ ਦਿਨੋਂ-ਦਿਨ ਨਵੀਂ ਰੰਗਤ ਫੜ੍ਹਦਾ ਨਜ਼ਰ ਆ ਰਿਹਾ ਹੈ | ਇਸ ਮੌਕੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਬੇਸ਼ੱਕ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਵੱਲੋਂ ਵਿਰਾਸਤੀ ਦਰਵਾਜ਼ੇ ਤਲਵੰਡੀ ਗੇਟ ਦੀ ਛੱਤ 'ਤੇ 20 ਜਨਵਰੀ 2026 ਨੂੰ ਲੈਂਟਰ ਪਵਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ, ਜਦਕਿ ਉਨ੍ਹਾਂ ਵਲੋਂ ਅਕਾਲੀ ਦਲ ਦੇ ਸਮਰਥਕਾਂ ਸਮੇਤ ਤਲਵੰਡੀ ਗੇਟ 'ਤੇ ਸੰਦੂਕੀ ਛੱਤ ਪਾਉਣ ਦੀ ਬਜਾਏ ਲੈਂਟਰ ਪਾਏ ਜਾਣ ਦੇ ਮਾਮਲੇ 'ਤੇ ਉਸ ਸਮੇਂ ਮੌਕੇ ਉੱਪਰ ਪੁੱਜ ਕੇ ਇਕ ਵਾਰ ਤਾਂ ਲੈਂਟਰ ਪਵਾਉਣ ਦੇ ਕੰਮ ਨੂੰ ਰੋਕ ਦਿੱਤਾ ਗਿਆ ਸੀ, ਪ੍ਰੰਤੂ ਕੁਝ ਦਿਨ ਬਾਅਦ ਦੁਬਾਰਾ ਸੱਤ੍ਹਾਧਾਰੀ ਧਿਰ ਤੇ ਕਾਂਗਰਸੀ ਵਰਕਰਾਂ ਵਲੋਂ ਘਿਉ-ਖਿਚੜੀ ਹੁੰਦਿਆਂ ਵੱਡਾ ਇਕੱਠ ਕਰਕੇ ਲੈਂਟਰ ਪਾਉਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਵਾ ਦਿੱਤਾ ਸੀ | ਜਿਸ ਨੂੰ ਦੋਵੇਂ ਸਿਆਸੀ ਪਾਰਟੀਆਂ ਨੇ ਕਿਸੇ ਵੱਡੇ ਕਿਲ੍ਹੇ ਨੂੰ ਫ਼ਤਿਹ ਕਰਨ ਦੇ ਬਰਾਬਰ ਸਮਝਦਿਆਂ ਲੈਂਟਰ ਪਾਉਣ ਬਾਅਦ ਲੱਡੂ ਵੀ ਵੰਡ ਦਿੱਤੇ ਗਏ ਸਨ | ਪ੍ਰਧਾਨ ਗਿੱਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਣਯੋਗ ਅਦਾਲਤ ਜਗਰਾਉਂ ਵਿਖੇ ਇਸ ਮਾਮਲੇ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ ਕਿ ਇਸ ਤਲਵੰਡੀ ਗੇਟ ਨੂੰ ਨਿੱਜੀ ਹੱਥਾਂ ਵਿਚ ਨਾ ਦਿੱਤਾ ਜਾਵੇ ਅਤੇ ਲੈਂਟਰ ਪਾਉਣ ਦੀ ਬਜਾਏ ਸੰਦੂਕੀ ਛੱਤ ਹੀ ਪਾਈ ਜਾਵੇ, ਜਦਕਿ ਉਸ ਸਮੇਂ ਨਗਰ ਕੌਂਸਲ ਪ੍ਰਧਾਨ, ਕੌਂਸਲਰਾਂ ਨੇ ਮਾਣਯੋਗ ਅਦਾਲਤ ਦੀ ਤੌਹੀਨ ਕਰਦਿਆਂ ਵਿਰਾਸਤੀ ਤਲਵੰਡੀ ਗੇਟ 'ਤੇ ਲੈਂਟਰ ਪਵਾ ਦਿੱਤਾ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਉਸ ਸਮੇਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਬੀਤੀ ਕੱਲ੍ਹ 2 ਮਾਰਚ 2026 ਨੂੰ ਨਗਰ ਕੌਂਸਲ ਵਲੋਂ ਵਿਰਾਸਤੀ ਤਲਵੰਡੀ ਗੇਟ 'ਤੇ ਲੈਂਟਰ ਪਾਏ ਜਾਣ ਦਾ ਜੋ ਮਤਾ ਪਾਇਆ ਗਿਆ ਹੈ, ਉਸ ਵਿਚ ਦਰਸਾਇਆ ਗਿਆ ਹੈ ਕਿ ਇਸ ਤਲਵੰਡੀ ਗੇਟ ਦਾ ਲੈਂਟਰ ਕੀਮਤੀ ਲਾਲ ਪੁੱਤਰ ਰਤਨ ਲਾਲ ਅਤੇ ਹਰਦੀਪ ਸਿੰਘ ਪੁੱਤਰ ਇੰਦਰਪਾਲ ਸਿੰਘ ਨਾਮਕ ਵਿਅਕਤੀਆਂ 'ਤੇ ਸਹਿਮਤੀ ਪ੍ਰਗਟਾ ਦਿੱਤੀ ਗਈ ਹੈ ਕਿ ਇਹ ਵਿਅਕਤੀ ਇਸ ਵਿਰਾਸਤੀ ਗੇਟ 'ਤੇ ਲੈਂਟਰ ਪਾਉਣਗੇ, ਜਦਕਿ ਇਸ ਗੇਟ ਦਾ ਲੈਂਟਰ ਤਾਂ 22 ਜਨਵਰੀ 2026 ਨੂੰ ਪਾਇਆ ਜਾ ਚੁੱਕਾ ਹੈ | ਪ੍ਰਧਾਨ ਗਿੱਲ ਨੇ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ, ਕੌਂਸਲਰਾਂ, ਕਾਂਗਰਸੀ ਵਰਕਰਾਂ ਤੇ ਸੱਤ੍ਹਾਧਾਰੀ ਧਿਰ ਦੇ ਕੁਝ ਲੋਕਾਂ ਵੱਲੋਂ ਲੈਂਟਰ ਪਾਉਣ ਦੇ ਨਾਲ-ਨਾਲ ਦਰਵਾਜ਼ਾ ਵਿਚ ਦੁਕਾਨਾਂ ਕਰਨ ਵਾਲੇ ਲੋਕਾਂ ਨੂੰ ਛੱਤ ਉੱਪਰ ਕਾਬਜ਼ ਕਰਵਾ ਦਿੱਤਾ ਹੈ | ਉਨ੍ਹਾਂ ਆਖਿਆ ਕਿ ਨਗਰ ਕੌਂਸਲ ਪ੍ਰਸ਼ਾਸਨ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਕਰੇ, ਨਹੀਂ ਉਹ ਇਸ ਮਾਮਲੇ ਨੂੰ ਮਾਣਯੋਗ ਹਾਈਕੋਰਟ ਰਾਹੀਂ ਪਟੀਸ਼ਨ ਦਾਇਰ ਕਰਕੇ ਸਮੇਤ ਅਧਿਕਾਰੀਆਂ ਤੇ ਸਮੂਹ ਲੋਕਾਂ ਉੱਤੇ ਬਣਦੀ ਕਾਰਵਾਈ ਕਰਵਾਉਣਗੇ, ਜਿਸ ਦੀ ਜਿੰਮੇਵਾਰੀ ਨਗਰ ਕੌਂਸਲ ਪ੍ਰਸ਼ਾਸਨ ਖ਼ੁਦ ਹੋਵੇਗਾ | ਇਸ ਮੌਕੇ ਮਾ. ਬਲਜਿੰਦਰ ਸਿੰਘ ਗਰੇਵਾਲ ਮੈਂਬਰ ਕੋਰ ਕਮੇਟੀ ਸ਼੍ਰੋ. ਅ. ਦਲ ਹਲਕਾ ਰਾਏਕੋਟ, ਨਛੱਤਰ ਸਿੰਘ ਸ਼ਹਿਰੀ ਪ੍ਰਧਾਨ ਐਸ.ਸੀ ਵਿੰਗ ਅਕਾਲੀ ਦਲ, ਜਗਦੇਵ ਸਿੰਘ ਸੈਂਭੀ ਪ੍ਰਧਾਨ ਯੂਥ ਅਕਾਲੀ ਸ਼ਹਿਰੀ ਰਾਏਕੋਟ ਹਾਜ਼ਰ ਸਨ |
ਨਗਰ ਕੌਂਸਲ ਰਾਏਕੋਟ ਦਾ ਅਨੋਖਾ ਕਾਰਨਾਮਾ : 'ਲੈਂਟਰ ਪਹਿਲਾਂ, ਮਤਾ ਬਾਅਦ 'ਚ ਪਾਇਆ'
ਅਜੀਤ ਡੈਸਕ
04-03-2026