ਸਿੱਧਵਾਂ ਬੇਟ, 10 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਲੁਧਿਆਣਾ ਪੱਛਮੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਬੇਟ ਇਲਾਕੇ ਦੇ ਸਰਗਰਮ ਕਿਸਾਨ ਆਗੂ ਜੋਗਿੰਦਰ ਸਿੰਘ ਢਿੱਲੋਂ ਨੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨੀ ਮੰਗਾਂ ਲਈ ਬਰਨਾਲਾ ਵਿਖੇ ਕੀਤੇ ਜਾ ਰਹੀ ਮਹਾਂ ਰੈਲੀ ਵਿਚ ਸ਼ਾਮਿਲ ਹੋਣ ਲਈ ਬੇਟ ਇਲਾਕੇ ਵਿਚੋਂ ਰਵਾਨਾ ਹੋਏ ਜੱਥੇ ਦੀ ਅਗਵਾਈ ਕਰਦੇ ਹੋਏ ਆਖਿਆ ਕਿ ਹੁਣ ਤਾਂ ਕੇਂਦਰ ਦੀ ਮੋਦੀ ਸਰਕਾਰ ਵਾਂਗ ਬਦਲਾਅ ਵਾਲੀ ਮਾਨ ਸਰਕਾਰ ਵੀ ਕਿਸਾਨਾਂ ਦੇ ਵਿਰੋਧ ਵਿਚ ਵਿਖਾਈ ਦੇ ਰਹੀ ਹੈ | ਉਨ੍ਹਾਂ ਆਖਿਆ ਕਿ ਜਿਹੜੀ ਪਾਰਟੀ ਖੁਦ ਧਰਨਿਆਂ ਦੀ ਪੈਦਾਇਸ਼ ਹੈ ਉਸ ਨੇ ਪੁਲਿਸ ਨੂੰ ਸਖ਼ਤ ਹੁਕਮ ਦਿੱਤੇ ਹੋਏ ਹਨ ਕਿ ਜਿੱਥੇ ਵੀ ਕਿਸਾਨ ਇਕੱਠੇ ਹੋਣ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਪਰ ਸਰਕਾਰ ਨੂੰ ਦੱਸ ਦਈਏ ਕਿ ਸੂਬੇ ਦੇ ਜਿਹੜੇ ਲੋਕਾਂ ਨੇ ਤੁਹਾਡੇ 92 ਵਿਧਾਇਕ ਜਿਤਾ ਕੇ ਭੇਜੇ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਤੁਹਾਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ | ਜ਼ਿਲ੍ਹਾ ਪ੍ਰਧਾਨ ਨੇ ਆਖਿਆ ਕਿ ਜਿਸ ਤਰ੍ਹਾਂ ਪਹਿਲਾਂ ਮਾਨ ਸਰਕਾਰ ਨੇ ਇਕ ਸੋਚੀ ਸਮਝੀ ਰਾਜਨੀਤੀ ਕਾਰਨ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨਾਂ ਨੂੰ ਖਦੇੜਨ ਲਈ ਆਪਣੀ ਬਲ ਸ਼ਕਤੀ ਦਾ ਪ੍ਰਯੋਗ ਕੀਤਾ, ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਕੁੱਟਿਆ ਅਤੇ ਲੁੱਟਿਆ ਅਤੇ ਹੁਣ ਫਿਰ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਤਰਜ਼ 'ਤੇ ਦਬਾਉਣ ਦਾ ਯਤਨ ਕਰ ਰਹੀ ਹੈ, ਪਰ ਹੁਣ ਕਿਸਾਨ ਜਥੇਬੰਦੀਆਂ ਇਕਮੁੱਠ ਹੋ ਕੇ ਸਰਕਾਰ ਦਾ ਹਰ ਤਰੀਕੇ ਨਾਲ ਵਿਰੋਧ ਕਰਨਗੀਆਂ | ਇਸ ਮੌਕੇ ਉਨ੍ਹਾਂ ਦੇ ਨਾਲ ਕੈਪਟਨ ਸੁਖਚੈਣ ਸਿੰਘ ਜਨੇਤਪੁਰਾ, ਬਲਾਕ ਪ੍ਰਧਾਨ ਹਰੀ ਸਿੰਘ ਕੋਟਮਾਨ, ਰਾਬਿੰਦਰ ਸਿੰਘ ਸੋਢੀਵਾਲ, ਜਲਵੰਤ ਸਿੰਘ ਅੱਬੂਪੁਰਾ, ਬਲਾਕ ਸੰੰਮਤੀ ਮੈਂਬਰ ਜਗਦੀਸ ਕੁਮਾਰ ਮਲਸੀਹਾਂ ਬਾਜਣ, ਪ੍ਰੇਮ ਸਿੰਘ ਢਿੱੱਲੋਂ, ਹਰਭਜਨ ਸਿੰਘ, ਗਬਿੰਦਰ ਸਿੰਘ ਆਦਿ ਕਿਸਾਨ ਵੀਰ ਹਾਜ਼ਰ ਸਨ |