ਜਗਰਾਉਂ, 10 ਮਾਰਚ (ਗੁਰਦੀਪ ਸਿੰਘ ਮਲਕ)-ਨਿੱਜੀ ਟੈਲੀਫੋਨ ਕੰਪਨੀ ਦੇ ਠੇਕੇਦਾਰਾਂ ਅਤੇ ਨਗਰ ਕੌਂਸਲ ਜਗਰਾਉਂ ਦੀ ਕਥਿਤ ਅਣਗਹਿਲੀ ਕਾਰਨ ਅੱਜ ਜਗਰਾਉਂ ਸ਼ਹਿਰ ਵਾਸੀਆਂ ਦੀ ਜਾਨ ਮਾਲ ਨੂੰ ਉਸ ਸਮੇਂ ਵੱਡੇ ਖਤਰੇ 'ਚ ਪਾ ਦਿੱਤਾ, ਜਦੋਂ ਟੈਲੀਫੋਨ ਦੀ ਕੇਬਲ ਪਾਉਣ ਲਈ ਕਈ ਦਿਨਾਂ ਤੋਂ ਪੁੱਟੇ 10 ਫੁੱਟ ਡੂੰਘੇ ਟੋਏ 'ਚ ਇਕ ਵੱਡਾ ਸਾਨ੍ਹ (ਢੱਠਾ) ਡਿੱਗ ਪਿਆ | ਜਿਸ ਨੂੰ ਟੋਏ 'ਚ ਕੱਢਣ ਦੌਰਾਨ ਘਰੇਲੂ ਵਰਤੋਂ 'ਚ ਆਉਣ ਵਾਲੀ ਗੈਸ ਪਾਈਪ ਲਾਈਨ ਲੀਕ ਹੋ ਗਈ | ਜਿਸ ਕਾਰਨ ਇਕ ਦਮ ਅਫ਼ਰਾ-ਤਫ਼ਰੀ ਮੱਚ ਗਈ ਅਤੇ ਸਾਨ੍ਹ ਨੂੰ ਟੋਏ 'ਚੋਂ ਕੱਢ ਰਹੇ ਸਮਾਜਸੇਵੀ ਲੋਕ ਇਕ ਦਮ ਭੱਜ ਨਿਕਲੇ | ਇਸ ਮੌਕੇ ਵੱਡੇ ਪੱਧਰ 'ਤੇ ਲੀਕ ਹੋਈ ਗੈਸ ਇਕਦਮ ਉਕਤ ਖੇਤਰ 'ਚ ਫੈਲ ਗਈ ਅਤੇ ਨਜ਼ਦੀਕੀ ਮਹੱਲੇ ਦੇ ਲੋਕ ਆਪੋਂ-ਆਪਣੇ ਘਰ ਅਤੇ ਦੁਕਾਨਾਂ ਛੱਡਕੇ ਸੁਰੱਖਿਅਤ ਖੇਤਰ 'ਚ ਚਲੇ ਗਏ | ਇਸ ਸਬੰਧੀ ਜਗਰਾਉਂ ਸ਼ਹਿਰ ਦੇ ਕੱਚਾ ਮਲਕ ਰੋਡ 'ਤੇ ਸਥਿਤ ਬਾਬਾ ਜੀਵਨ ਸਿੰਘ ਧਰਮਸ਼ਾਲਾ ਦੇ ਅੱਗੇ ਕਈ ਦਿਨ ਪਹਿਲਾਂ ਟੈਲੀਫ਼ੋਨ ਦੀ ਕੇਬਲ ਪਾਉਣ ਲਈ ਇਕ 10 ਫੁੱਟ ਦੇ ਕਰੀਬ ਡੂੰਘਾ ਟੋਇਆ ਪੁੱਟਿਆ ਗਿਆ ਸੀ, ਜਿਸ 'ਚ ਅੱਜ ਸਵੇਰੇ ਅਚਾਨਕ ਇਕ ਸਾਨ੍ਹ ਡਿੱਗ ਪਿਆ | ਜਿਸ ਨੂੰ ਕੱਢਣ ਲਈ ਸਮਾਜਸੇਵੀ ਨੌਜਵਾਨ ਇਕੱਠੇ ਹੋ ਗਏ | ਜਦੋਂ ਸਾਨ੍ਹ ਨੂੰ ਟੋਏ 'ਚੋਂ ਕੱਢਿਆ ਜਾ ਰਿਹਾ ਸੀ ਤਾ ਉਸ ਸਮੇਂ ਟੋਏ 'ਚੋਂ ਦੀ ਲੰਘ ਰਹੀ ਗੈਸ ਦੀ ਪਾਈਪ ਲੀਕ ਹੋ ਗਈ ਅਤੇ ਇਕਦਮ ਉਕਤ ਖੇਤਰ 'ਚ ਗੈਸ ਦਾ ਧੂੰਆਂ ਫੈਲ ਗਿਆ | ਜਿਸ ਨੂੰ ਦੇਖ ਕੇ ਸਾਨ੍ਹ ਨੂੰ ਕੱਢ ਰਹੇ ਸਮਾਜਸੇਵੀ ਅਤੇ ਨੇੜੇ ਦੇ ਦੁਕਾਨਦਾਰ ਅਤੇ ਘਰਾਂ ਦੇ ਲੋਕ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜ ਨਿਕਲੇ | ਇਸ ਦੌਰਾਨ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਸਮਾਜਸੇਵੀ ਸੁੱਖ ਜਗਰਾਉਂ ਨੇ ਮੌਕਾ ਸੰਭਾਲਦੇ ਹੋਏ ਕੱਚਾ ਮਲਕ ਰੋਡ ਨੂੰ ਦੋਨੋਂ ਬੰਦ ਕਰਵਾਕੇ ਨੇੜੇ ਦੇ ਵਸਨੀਕਾਂ ਨੂੰ ਘਰਾਂ ਦੀ ਲਾਈਟਾਂ ਅਤੇ ਅੱਗ ਲੱਗਣ ਵਾਲੇ ਉਪਕਰਨਾਂ ਨੂੰ ਤੁਰੰਤ ਬੰਦ ਕਰਨ ਦੀਆਂ ਅਪੀਲਾਂ ਕਰਕੇ ਮੌਕੇ 'ਤੇ ਫਾਇਰ ਬਿਗ੍ਰੇਡ, ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਗੈਸ ਕੰਪਨੀ ਦੇ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਲਈ ਬੁਲਾਇਆ ਗਿਆ ਅਤੇ ਕਰੀਬ ਇਕ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਲੀਕ ਹੋ ਰਹੀ ਗੈਸ ਨੂੰ ਬੰਦ ਕੀਤਾ ਗਿਆ | ਜਿੰਨ੍ਹਾਂ ਆਪਣੇ ਜਾਨ ਦੀ ਪਰਵਾਹ ਨਾ ਕਰਦਿਆ ਖੁਦ ਗੈਸ ਪਾਈਪ 'ਚੋਂ ਹੋ ਰਹੀ ਗੈਸ ਲੀਕ ਨੂੰ ਰੋਕਣ ਲਈ ਡੂੰਘੇ ਟੋਏ ਵੜ੍ਹ ਗਏ ਅਤੇ ਗੈਸ ਲੀਕ ਨੂੰ ਕੰਪਨੀ ਦੀ ਟੀਮ ਤੋਂ ਆਉਣ ਤੋਂ ਪਹਿਲਾਂ ਹੀ ਕਾਬੂ ਹੇਠ ਕਰ ਲਿਆ | ਸਭ ਤੋਂ ਅਹਿਮ ਗੈਸ ਪਾਈਪ ਲਾਈਨ ਲੀਕ ਹੋਣ ਦੀ ਘਟਨਾ ਤੋਂ ਕਰੀਬ ਪੌਣਾ ਘੰਟਾ ਬਾਅਦ 'ਚ ਗੈਸ ਕੰਪਨੀ ਦੀ ਟੀਮ ਮੌਕੇ ਤੇ ਪਹੁੰਚੀ, ਤਦ ਤੱਕ ਸਮਾਜਸੇਵੀਆਂ ਅਤੇ ਪੁਲਿਸ ਵਲੋਂ ਮੌਕੇ ਨੂੰ ਸੰਭਾਲੀ ਰੱਖਿਆ ਅਤੇ ਸੈਂਕੜੇ ਲੋਕਾਂ ਦੀ ਦਾਅ 'ਤੇ ਲੱਗੀ ਜਾਨ ਨੂੰ ਬਚਾ ਲਿਆ | ਇਸ ਮੌਕੇ 'ਤੇ ਤਹਿਸੀਲਦਾਰ ਵਰਿੰਦਰ ਭਾਟੀਆ, ਡੀ.ਐੱਸ.ਪੀ ਰਾਜਨ ਸ਼ਰਮਾ, ਡੀ.ਐੱਸ.ਪੀ ਜਸਵਿੰਦਰ ਸਿੰਘ ਢੀਂਡਸਾ, ਸਿਟੀ ਪੁਲਿਸ ਮੁਖੀ ਪਰਮਿੰਦਰ ਸਿੰਘ ਸਮੇਤ ਨਗਰ ਕੌਂਸਲ ਦੇ ਅਧਿਕਾਰੀ ਮੌਕੇ 'ਤੇ ਪਹੁੰਚਕੇ ਚੱਲ ਰਹੇ ਰਾਹਤ ਕਾਰਜਾਂ 'ਚ ਆਪਣਾ ਯੋਗਦਾਨ ਪਾਇਆ |