ਜਗਰਾਉਂ, 2 ਅਪ੍ਰੈਲ (ਗੁਰਦੀਪ ਸਿੰਘ ਮਲਕ)-ਲੰਘੀ ਰਾਤ ਨੇੜਲੇ ਪਿੰਡ ਕਾਉਂਕੇ ਖੋਸੇ ਦੇ 28 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਨੇ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ ਹੈ | ਮਿ੍ਤਕ ਦੇ ਭਰਾ ਪ੍ਰਗਟ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਉਹ ਲਗਭਗ ਦੋ ਵਜੇ ਦੇ ਕਰੀਬ ਉੱਠਿਆ ਤਾਂ ਉਸ ਦਾ ਭਰਾ ਲਵਪ੍ਰੀਤ ਸਿੰਘ ਆਪਣੇ ਬਿਸਤਰੇ 'ਤੇ ਨਹੀਂ ਸੀ ਤੇ ਲਵਪ੍ਰੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਘਰ ਦੀ ਛੱਤ ਸਮੇਤ ਇੱਧਰ-ਉੱਧਰ ਦੇਖਿਆ ਤਾਂ ਲਵਪ੍ਰੀਤ ਸਿੰਘ ਨੇ ਘਰ ਦੇ ਲੈਂਟਰ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ | ਪਰਿਵਾਰਿਕ ਮੈਂਬਰਾਂ ਅਨੁਸਾਰ ਲਵਪ੍ਰੀਤ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਤੇ ਕੁਝ ਸਮਾਂ ਪਹਿਲਾਂ ਦੁਬਈ ਤੋਂ ਆਇਆ ਸੀ ਤੇ ਅੱਜ-ਕੱਲ੍ਹ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਿਹਾ ਸੀ | ਪੁਲਿਸ ਚੌਕੀ ਕਾਉਂਕੇ ਕਲਾਂ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਇਕ ਮਿਹਨਤੀ ਪਰਿਵਾਰ ਦਾ ਬੱਚਾ ਸੀ, ਪ੍ਰੰਤੂ ਉਸ ਨੂੰ ਮਾੜੀ ਸੰਗਤ ਨੇ ਗਲਤ ਰਾਹ ਤੋਰ ਦਿੱਤਾ | ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ 'ਤੇ ਅਸਲੇ ਦੇ ਮਾਮਲੇ ਦਰਜ ਹੋਣ ਕਾਰਨ ਉਹ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਿਹਾ ਸੀ ਤੇ ਉਸ ਨੇ ਤੰਗ ਆ ਕੇ ਇਹ ਕਦਮ ਚੁੱਕ ਲਿਆ |