ਰਾਏਕੋਟ, 3 ਅਪ੍ਰੈਲ (ਸੁਸ਼ੀਲ)-ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ ਸੰਸਦ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ | ਇਸ ਮੁਲਾਕਾਤ ਦੌਰਾਨ ਡਾ: ਅਮਰ ਸਿੰਘ ਨੇ ਰੇਲ ਮੰਤਰੀ ਨੂੰ ਰਾਏਕੋਟ ਸ਼ਹਿਰ ਨੂੰ ਰੇਲਵੇ ਲਾਈਨ ਨਾਲ ਜੋੜਨ ਲਈ ਲੰਬੇ ਸਮੇਂ ਤੋਂ ਲਟਕ ਰਹੇ ਰੇਲ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਦੀ ਬੇਨਤੀ ਕੀਤੀ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਦੋ ਵੱਡੀਆਂ ਰੇਲ ਲਾਈਨਾਂ ਦੇ ਵਿਚਕਾਰ ਹੋਣ ਦੇ ਬਾਵਜੂਦ, ਰਾਏਕੋਟ ਲਗਭਗ 80 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਰੇਲ ਲਿੰਕ ਨਾਲ ਨਹੀਂ ਜੁੜਿਆ ਹੈ | ਜਿਸ ਦਾ ਰਾਏਕੋਟ ਦੇ ਆਰਥਿਕ ਵਿਕਾਸ ਅਤੇ ਸਥਾਨਕ ਉਦਯੋਗਾਂ ਦੀ ਸਥਾਪਨਾ 'ਤੇ ਮਾੜਾ ਪ੍ਰਭਾਵ ਪਿਆ ਹੈ | ਉਨ੍ਹਾਂ ਮੰਤਰੀ ਨੂੰ ਦੱਸਿਆ ਕਿ 2019 ਤੋਂ ਲਗਾਤਾਰ ਇਸ ਮੰਗ ਨੂੰ ਉਠਾਉਣ ਕਾਰਨ, ਰੇਲਵੇ ਬੋਰਡ ਨੇ 2022 ਵਿਚ ਰਾਏਕੋਟ ਰੇਲਵੇ ਲਾਈਨ ਪ੍ਰੋਜੈਕਟ ਲਈ ਇਕ ਸਰਵੇਖਣ ਨੂੰ ਮਨਜ਼ੂਰੀ ਦਿੱਤੀ ਸੀ | ਇਹ ਸਰਵੇਖਣ ਹੁਣ ਪੂਰਾ ਹੋ ਗਿਆ ਹੈ | ਡਾ. ਅਮਰ ਸਿੰਘ ਨੇ ਮੰਤਰੀ ਨੂੰ ਬੇਨਤੀ ਕੀਤੀ ਕਿ ਕਿਉਂਕਿ ਸਰਵੇਖਣ ਪੂਰਾ ਹੋ ਗਿਆ ਹੈ, ਰੇਲਵੇ ਨੂੰ ਹੁਣ ਰਾਏਕੋਟ ਲਈ ਰੇਲ ਲਾਈਨਾਂ ਵਿਛਾਉਣ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ | ਰੇਲ ਮੰਤਰੀ ਨੇ ਡਾ. ਅਮਰ ਸਿੰਘ ਨੂੰ ਭਰੋਸਾ ਦਿੱਤਾ ਕਿ ਰੇਲਵੇ ਮੰਤਰਾਲਾ ਜਲਦੀ ਹੀ ਇਸ ਮਾਮਲੇ ਵਿਚ ਕਾਰਵਾਈ ਕਰੇਗਾ |