ਜਗਰਾਉਂ, 8 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਦੇ ਕਿਸਾਨਾਂ ਨੂੰ ਉੱਚ ਮਿਆਰੀ ਖਾਦਾਂ, ਦਵਾਈਆਂ ਅਤੇ ਬੀਜਾਂ ਦੀ ਨਿਰਵਿਘਨ ਸਪਲਾਈ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਭਗਵੰਤ ਮਾਨ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਅਰਸ਼ਦੀਪ ਸਿੰਘ ਥਿੰਦ ਪ੍ਰਬੰਧਕੀ ਸਕੱਤਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਨਰਿੰਦਰ ਸਿੰਘ ਬੈਨੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦਾ ਸੁਰੱਖਿਆ) ਅਤੇ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ: ਗੁਰਦੀਪ ਸਿੰਘ ਦੀ ਟੀਮ ਵਲੋਂ ਜਗਰਾਉਂ ਵਿਖੇ ਪਰਦੇਸੀ ਢਾਬੇ ਦੇ ਪਿਛਲੇ ਪਾਸੋਂ ਮਨੋਜ ਕੁਮਾਰ ਪੁੱਤਰ ਰਾਮ ਆਸਰਾ ਵਾਸੀ ਕੋਠੇ ਸ਼ੇਰ ਜੰਗ ਦੇ ਜਗਰਾਉਂ ਦੀ ਰਾਫਾ ਬਾਇਓਟੈਕ ਫੈਕਟਰੀ ਵਿਖੇ ਛਾਪਾ ਮਾਰਿਆ ਗਿਆ ਤੇ ਮੌਕੇ 'ਤੇ ਮਨੋਜ ਕੁਮਾਰ ਵਲੋਂ ਭਾਰੀ ਮਾਤਰਾ ਵਿਚ ਜ਼ਿੰਕ ਸਲਫੇਟ 33 ਪ੍ਰਤੀਸ਼ਤ ਅਤੇ ਮੈਗਨੀਸ਼ੀਅਮ ਸਲਫੇਟ 9.5 ਪ੍ਰਤੀਸ਼ਤ ਦਾ ਵੱਖੋ ਵੱਖ ਕੰਪਨੀਆਂ ਦਾ ਬਾਰਦਾਨਾ ਬਣਾਇਆ ਹੋਇਆ ਪਾਇਆ ਗਿਆ ਅਤੇ ਵੱਖੋ ਵੱਖਰੇ ਕੰਪਨੀਆਂ ਦੇ ਜ਼ਿੰਕ ਸਲਫੇਟ 33 ਪ੍ਰਤੀਸ਼ਤ ਦੇ ਬਣਾਏ ਹੋਏ ਪੈਕਟ ਜੋ ਕਿ ਬਰਾਂਡ ਕੰਪਨੀਆਂ ਦੇ ਨਾਮ 'ਤੇ ਹਨ, ਬਰਾਮਦ ਕੀਤੇ ਗਏ ਅਤੇ ਉਨ੍ਹਾਂ ਦੀ ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਸੈਂਪਲਿੰਗ ਕੀਤੀ ਗਈ | ਮਨੋਜ ਕੁਮਾਰ ਮੌਕੇ 'ਤੇ ਖੇਤੀਬਾੜੀ ਲਈ ਵਰਤੋਂ ਵਾਲੀਆਂ ਖਾਦਾਂ ਬਣਾਉਣ ਅਤੇ ਵੇਚਣ ਦਾ ਕੋਈ ਲਾਇਸੰਸ ਪੇਸ਼ ਨਹੀਂ ਕਰ ਸਕਿਆ | ਇਸ ਦੌਰਾਨ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨਾਲ ਰਾਬਤਾ ਕਰਕੇ ਥਾਣਾ ਸਿਟੀ ਜਗਰਾਉਂ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ | ਪੁਲਿਸ ਟੀਮ ਵਲੋਂ ਮੌਕੇ 'ਤੇ ਬਰਾਮਦ ਕੀਤੀਆਂ ਗਈਆਂ ਖਾਦਾਂ ਅਤੇ ਵੱਖੋ-ਵੱਖਰੀਆਂ ਕੰਪਨੀਆਂ ਦਾ ਬਾਰਦਾਨਾ ਸੀਲ ਕਰਕੇ ਮੌਕੇ 'ਤੇ ਮਨੋਜ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਖੇਤੀਬਾੜੀ ਵਿਭਾਗ ਵਲੋਂ ਪੁਲਿਸ ਨੂੰ ਐਫ.ਆਈ.ਆਰ ਦਰਜ ਕਰਨ ਦੀ ਦਰਖਾਸਤ ਦੇ ਕੇ ਮਨੋਜ ਕੁਮਾਰ ਖ਼ਿਲਾਫ਼ ਖਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਥਾ ਐਕਟ 1955 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕਾਰਵਾਈ ਕਰਨ ਲਈ ਲਿਖਿਆ ਗਿਆ | ਇਸ ਮੌਕੇ ਖੇਤੀਬਾੜੀ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਇਨਪੁੱਟ ਖਾਦ, ਦਵਾਈਆਂ ਅਤੇ ਬੀਜ ਦੀ ਨਿਰਵਿਘਨ ਸਪਲਾਈ ਜਾਰੀ ਰਹੇਗੀ ਅਤੇ ਕਿਸਾਨਾਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ | ਇਸ ਮੌਕੇ ਖੇਤੀਬਾੜੀ ਵਿਭਾਗ ਜਗਰਾਉਂ ਦੀ ਟੀਮ ਵਿਚ ਡਾ: ਜਗਤਿੰਦਰ ਸਿੰਘ ਸਿੱਧੂ ਖੇਤੀਬਾੜੀ ਅਫ਼ਸਰ ਜਗਰਾਉਂ, ਡਾ: ਜਸਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਪੀ.ਪੀ. ਜਗਰਾਉਂ, ਡਾ: ਅਰਸ਼ਪ੍ਰੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਜਗਰਾਉਂ, ਡਾ: ਨੀਰਜ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ (ਮਾਣੂੰਕੇ) ਆਦਿ ਹਾਜ਼ਰ ਸਨ |