ਭੂੰਦੜੀ, 15 ਅਪ੍ਰੈਲ (ਕੁਲਦੀਪ ਸਿੰਘ ਮਾਨ)-ਇਲਾਕੇ ਦੇ ਪ੍ਰਸਿੱਧ ਪੁਲਿਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਕਲਾਂ ਨੇ ਪਿ੍ੰਸੀਪਲ ਸ੍ਰੀਮਤੀ ਦਵਿੰਦਰ ਕੌਰ ਤੱਤਲਾ ਦੀ ਰਹਿਨੁਮਾਈ ਹੇਠ ਇਸ ਸਾਲ ਵੀ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਪ੍ਰਤੀਸ਼ਤ ਨਤੀਜਾ ਦਰਜ ਕੀਤਾ ਹੈ | ਇਸ ਉਪਲੱਬਧੀ ਨਾਲ ਸਕੂਲ ਪ੍ਰਬੰਧਨ ਅਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਪ੍ਰੀਖਿਆ ਵਿਚ ਜਪਨੂਰ ਕੌਰ ਨੇ 95 ਫ਼ੀਸਦੀ, ਬਰਜਿੰਦਰ ਕੌਰ ਨੇ 94 ਫ਼ੀਸਦੀ, ਨਵਰੀਤ ਕੌਰ ਨੇ 93 ਫ਼ੀਸਦੀ ਅਤੇ ਗਰਨੂਰ ਕੌਰ ਨੇ 92 ਫ਼ੀਸਦੀ ਅੰਕ ਪ੍ਰਾਪਤ ਕਰਕੇ ਮੈਰਿਟ ਵਿਚ ਆਪਣਾ ਨਾਮ ਦਰਜ ਕਰਵਾਇਆ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ | ਇਸ ਮੌਕੇ ਸਕੂਲ ਟਰੱਸਟ ਦੇ ਚੇਅਰਮੈਨ ਡਾ: ਡੀ.ਆਰ. ਭੱਟੀ (ਆਈ.ਪੀ.ਐੱਸ, ਡੀ.ਜੀ.ਪੀ. ਰਿਟਾਇਰਡ ਪੰਜਾਬ), ਬਾਬਾ ਪਰਮਜੀਤ ਸਿੰਘ (ਗੱਦੀਨਸ਼ੀਨ ਡੇਰਾ ਬਾਬਾ ਭਾਗ ਸਿੰਘ ਜੀ) ਅਤੇ ਮੇਜਰ ਸਿੰਘ ਚੀਮਾ (ਚੇਅਰਮੈਨ ਬਲਾਕ ਸੰਮਤੀ ਅਤੇ ਟਰੱਸਟੀ) ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਸ੍ਰੀਮਤੀ ਦਵਿੰਦਰ ਕੌਰ ਤੱਤਲਾ ਨੇ ਵੀ ਇਸ ਕਾਮਯਾਬੀ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਨਤੀਜਾ ਬੱਚਿਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਇਸ ਉਪਲੱਬਧੀ ਨਾਲ ਸਕੂਲ ਦਾ ਨਾਮ ਇਲਾਕੇ ਵਿਚ ਹੋਰ ਵੀ ਰੌਸ਼ਨ ਹੋਇਆ ਹੈ |