ਜਗਰਾਉਂ, 15 ਅਪ੍ਰੈਲ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਜਗਰਾਉਂ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 100 ਫੀਸਦੀ ਨਤੀਜਾ ਹਾਸਲ ਕੀਤਾ ਹੈ | ਇਸ ਨਤੀਜੇ ਨਾਲ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ | ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਟਾਪਰ ਵਿਦਿਆਰਥੀਆਂ ਨੇ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਇਹ ਮਕਾਮ ਹਾਸਲ ਕੀਤਾ | ਅਯੂਸ਼ ਅੱਗਰਵਾਲ ਨੇ 99.6 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮੰਨਤ ਸਿੱਧੂ ਨੇ 99.2 ਫੀਸਦੀ ਅੰਕ ਨਾਲ ਦੂਜਾ ਸਥਾਨ ਅਤੇ ਆਰਚੀ ਨੇ 99 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੀ ਪਿ੍ੰਸੀਪਲ ਸਿਸਟਰ ਐਂਸੀ ਜੋਸਫ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜਾ ਸਾਰੇ ਅਧਿਆਪਕਾਂ ਦੀ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਦਾ ਨਤੀਜਾ ਹੈ | ਵਾਈਸ ਪਿ੍ੰਸੀਪਲ ਸਿਸਟਰ ਬਿਨੀਥਾ ਅਤੇ ਚੀਫ਼ ਕੋਆਰਡੀਨੇਟਰ ਜਸਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਸਾਬਾਸ਼ੀ ਦਿੰਦਿਆਂ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਸਾਰੇ ਕਲਾਸ ਇੰਚਾਰਜ ਅਤੇ ਅਧਿਆਪਕਾਂ ਦੀ ਮਿਹਨਤ ਦੀ ਭਰਪੂਰ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਦਿੱਤਾ ਅਤੇ ਉਨ੍ਹਾਂ ਨੂੰ ਇਸ ਕਾਬਲ ਬਣਾਇਆ ਕਿ ਉਹ ਇਹ ਸ਼ਾਨਦਾਰ ਨਤੀਜਾ ਹਾਸਲ ਕਰ ਸਕਣ |