ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਖ਼ੂਨਦਾਨ ਕੈਂਪ ਲਗਾਇਆ
ਅਜੀਤ ਡੈਸਕ
16-04-2026
ਰਾਏਕੋਟ, 15 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨਛੋਹ ਇਤਿਹਾਸਕ ਧਰਤੀ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਮਨੁੱਖਤਾ ਦੇ ਭਲੇ ਲਈ ਮਨੁੱਖੀ ਕਾਰਜ਼ਾਂ ਨੂੰ ਸਮਰਪਿਤ ਸੰਸਥਾ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਰਾਣਾ ਸਿੰਘ ਗਰੇਵਾਲ ਦਾਦ ਦੀ ਅਗਵਾਈ ਹੇਠ 882ਵਾਂ ਮਹਾਨ ਖ਼ੂਨਦਾਨ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਬਲਿਆਲ ਸਿੰਘ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜ ਕੇ ਜਾਤ-ਪਾਤ, ਊੱਚ-ਨੀਚ ਦਾ ਖਾਤਮਾ ਕਰਕੇ ਇਤਿਹਾਸ ਰਚਿਆ ਅਤੇ ਬਾਣੀ-ਬਾਣੇ ਦੇ ਧਾਰਨੀ ਬਣਾ ਕੇ ਸੇਵਾ ਸਿਮਰਨ ਲਈ ਪ੍ਰੇਰਿਆ |
ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਨੌਜਵਾਨਾਂ ਨੂੰ ਪ੍ਰੇਰਦਿਆਂ ਕਿਹਾ ਕਿ 18 ਤੋਂ 65 ਸਾਲ ਦੇ ਹਰ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਹੀਦਾ ਹੈ ਅਤੇ ਸੰਸਾਰ ਵਿਚ ਸਭ ਤੋਂ ਵੱਡਾ ਪੁੰਨ ਦਾ ਕਾਰਜ਼ ਹੈ | ਇਸ ਮੌਕੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਖ਼ੂਨਦਾਨ ਕੈਂਪ ਦੌਰਾਨ ਰਾਣਾ ਸਿੰਘ ਗਰੇਵਾਲ ਦਾਦ ਨੇ ਦੱਸਿਆ ਗੁਰੂ ਨਾਨਕ ਹਸਪਤਾਲ ਬਲੱਡ ਬੈਂਕ ਦੇ ਸਹਿਯੋਗ ਨਾਲ 50 ਬਲੱਡ ਯੂਨਿਟ ਇਕੱਤਰ ਕੀਤਾ ਅਤੇ ਜੋ ਖ਼ੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈ ਕੇ ਦਿੱਤਾ ਜਾਵੇਗਾ | ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਖਜਾਨਚੀ ਹਰਵਿੰਦਰ ਸਿੰਘ ਭੂੰਦੜੀ, ਗੁਰਜੀਤ ਸਿੰਘ ਗੁੱਜਰਵਾਲ ਆਦਿ ਹਾਜ਼ਰ ਸਨ |