ਜਗਰਾਉਂ, 20 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਹੋਮਿਓਪੈਥੀ ਇਕ ਕਾਰਗਰ ਵਿਧੀ ਹੈ | ਕੁਝ ਬਿਮਾਰੀਆਂ ਨੂੰ ਛੱਡ ਕੇ ਗੈਂਗਰਿੰਗ (ਅੰਗਾਂ ਦਾ ਗੱਲਣਾ) ਬਿਮਾਰੀ ਦਾ ਹੋਮਿਓਪੈਥੀ ਵਿਧੀ ਨਾਲ ਇਲਾਜ ਕਰਵਾ ਕੇ ਅੰਗ ਬਚਾਏ ਜਾ ਸਕਦੇ ਹਨ | ਇਸ ਵਿਧੀ ਨਾਲ ਇਲਾਜ ਕਰਵਾਉਣ 'ਤੇ ਅੰਗਾਂ ਨੂੰ ਕਟਵਾਉਣ ਤੋਂ ਬਚਿਆ ਜਾ ਸਕਦਾ ਹੈ | ਇਹ ਜਾਣਕਾਰੀ ਸਿਵਲ ਹਸਪਤਾਲ ਜਗਰਾਉਂ ਵਿਖੇ ਤਾਇਨਾਤ ਹੋਮਿਓਪੈਥੀ ਡਾ: ਅਭਿਸ਼ੇਕ ਸਿੰਗਲਾ ਵਲੋਂ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੈਰ ਦੀ ਗੈਂਗਰਿੰਗ ਬਿਮਾਰੀ ਇਕ ਗੰਭੀਰ ਅਤੇ ਐਮਰਜੈਂਸੀ ਵਾਲੀ ਸਥਿਤੀ 'ਚ ਹੁੰਦੀ ਹੈ | ਪੈਰ ਦੀ ਗੈਂਗਰਿੰਗ ਖ਼ੂਨ ਦਾ ਪ੍ਰਵਾਹ ਦੀ ਘਾਟ ਜਾਂ ਕਿਸੇ ਨਾਮੁਰਾਦ ਇਨਫੈਕਸ਼ਨ ਕਾਰਨ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦੇ ਪੀੜਤ ਗੁਰਮੀਤ ਸਿੰਘ ਨਾਮ ਦੇ ਵਿਅਕਤੀ ਨੂੰ ਜੋ ਆਪਣੇ ਪੈਰ ਦੀਆਂ ਦੋ ਉਂਗਲਾਂ ਗੁਆ ਚੁੱਕਾ ਸੀ ਅਤੇ ਦੋ ਹੋਰ ਗ਼ਲ ਰਹੀਆਂ ਸਨ ਨੂੰ ਰਾਹਤ ਮਿਲੀ ਹੈ | ਇਸ ਵਿਅਕਤੀ ਦਾ ਹੋਮਿਓਪੈਥੀ ਨਾਲ ਇਲਾਜ ਹੋਣ 'ਤੇ ਮਹਿਜ਼ ਚਾਰ ਦਿਨਾਂ ਬਾਅਦ ਹੀ ਬਿਮਾਰੀ ਨੂੰ ਮੋੜਾ ਪੈਣਾ ਸ਼ੁਰੂ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਇਕ ਮਹੀਨੇ ਬਾਅਦ ਮਰੀਜ਼ ਦਾ ਪੈਰ ਪੂਰੀ ਤਰ੍ਹਾਂ ਠੀਕ ਹੋ ਗਿਆ | ਹੁਣ ਉਸ ਨੂੰ ਚੱਲਣ ਵਿਚ ਕੋਈ ਤਕਲੀਫ਼ ਨਹੀਂ ਹੈ ਨਾ ਹੀ ਕੋਈ ਦਰਦ ਹੈ ਜਦਕਿ ਪਹਿਲਾਂ ਉਹ ਆਸਰਾ ਲੈ ਕੇ ਤੁਰਦਾ ਅਤੇ ਸਾਰੀ ਰਾਤ ਦਰਦ ਨਾਲ ਕੁਰਲਾਉਂਦਾ ਰਹਿੰਦਾ ਸੀ | ਇਸ ਮੌਕੇ ਮਰੀਜ਼ ਗੁਰਮੀਤ ਸਿੰਘ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਸ ਵਲੋਂ ਐਲੋਪੈਥੀ ਵਿਧੀ ਰਾਹੀਂ ਇਸ ਬਿਮਾਰੀ ਦਾ ਇਲਾਜ਼ ਕਰਵਾਉਣਾ ਸ਼ੁਰੂ ਕੀਤਾ ਸੀ ਪਰ ਮੈਨੂੰ ਕਿਸੇ ਥਾਂ ਤੋਂ ਵੀ ਰਾਹਤ ਨਹੀਂ ਮਿਲੀ | ਇਸ ਇਲਾਜ ਦੌਰਾਨ ਮੈਨੂੰ ਪੈਰ ਦੀਆਂ ਦੋ ਉਂਗਲਾਂ ਕਟਵਾਉਣੀਆਂ ਪਈਆਂ ਅਤੇ ਡਾਕਟਰਾਂ ਵਲੋਂ ਦੋ ਹੋਰ ਉਂਗਲਾਂ ਨੂੰ ਕਟਵਾਉਣ ਦੀ ਵੀ ਸਲਾਹ ਦਿੱਤੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਹੋਮਿਓਪੈਥੀ ਨਾਲ ਇਲਾਜ਼ ਕਰਵਾਉਣ 'ਤੇ ਚਾਰ ਦਿਨਾਂ ਬਾਅਦ ਹੀ ਦਰਦ ਘਟਣਾ ਅਤੇ ਗਲ ਰਹੀਆਂ ਉਂਗਲਾਂ 'ਚ ਵੀ ਮੋੜਾ ਪੈਣਾ ਸ਼ੁਰੂ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਹੁਣ ਮੇਰਾ ਪੈਰ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਮੈਂ ਬਿਨ੍ਹਾਂ ਕਿਸੇ ਆਸਰੇ ਤੋਂ ਚੱਲ ਫਿਰ ਸਕਦਾ ਹਾਂ |