ਹੰਬੜਾਂ, 28 ਅਪ੍ਰੈਲ (ਮੇਜਰ ਹੰਬੜਾਂ)-ਉੱਘੇ ਸਮਾਜ ਸੇਵਕ, ਕਿਸਾਨ ਹਿਤੈਸ਼ੀ ਅਤੇ ਪੰਜਾਬ ਅੰਦਰ ਲੈਂਡ ਪੁਲਿੰਗ ਪਾਲਸੀ ਨੂੰ ਰੱਦ ਕਰਾਉਣ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਐਡਵੋਕੇਟ ਗੁਰਦੀਪ ਸਿੰਘ ਗਿੱਲ ਫਾਗਲਾ ਨੇ ਕਸਬਾ ਹੰਬੜਾਂ 'ਚ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਸੱਤ ਰਾਜ ਸਭਾ ਮੈਂਬਰਾਂ ਵਲੋਂ ਭਾਜਪਾ ਦਾ ਪੱਲਾ ਫੜਦਿਆਂ ਕੀਤੀ ਗਈ ਥੋਕ ਵਿਚ ਦਲਬਦਲੀ ਨਿੰਦਣਯੋਗ ਹੈ ਅਤੇ ਰਾਜਨੀਤੀ ਦੇ ਖੇਤਰ ਵਿਚ ਆ ਰਹੀ ਭਾਰੀ ਨੈਤਿਕ ਗਿਰਾਵਟ ਦਾ ਸੰਕੇਤ ਪੈਦਾ ਕਰਦੀ ਹੈ | ਇਸ ਸਬੰਧੀ ਉਨ੍ਹਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਸਮੇਤ ਬੀ.ਜੇ.ਪੀ. ਨੂੰ ਇਕ ਆਦਰਸ਼ ਜਾਬਤਾ ਬਣਾਉਣਾ ਦੀ ਅਪੀਲ ਕੀਤੀ ਤਾਂ ਕਿ ਭਵਿੱਖ ਵਿਚ ਰਾਜਨੀਤਿਕ ਖੇਤਰ ਨੂੰ ਦਲਦਲ ਬਨਣ ਤੋਂ ਰੋਕਿਆ ਜਾ ਸਕੇ | ਐਡਵੋਕੇਟ ਗਿੱਲ ਨੇ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਅਜਿਹੇ ਰਾਜਨੀਤਿਕ ਨੇਤਾਵਾਂ, ਜੋ ਆਪਣੇ ਨਿੱਜੀ ਸਵਾਰਥ ਲਈ ਇਸ ਤਰ੍ਹਾਂ ਦੀ ਦਲਬਦਲੀ ਕਰਦੇ ਹਨ ਉਨ੍ਹਾਂ ਨੂੰ ਮੁੜ ਮੂੰਹ ਨਾ ਲਗਾਉਣ ਅਤੇ ਜਨਤਕ ਤੌਰ 'ਤੇ ਉਨ੍ਹਾਂ ਦਾ ਭਾਰੀ ਵਿਰੋਧ ਕੀਤਾ ਜਾਵੇ | ਗਿੱਲ ਫਾਗਲਾ ਨੇ ਦੇਸ਼ ਅੰਦਰ ਇਕ ਐਸੇ ਕਾਨੂੰਨ ਦੀ ਵੀ ਮੰਗ ਕੀਤੀ, ਜਿਸ ਨਾਲ ਕਿਸੀ ਵੀ ਇਕ ਨੇਤਾ ਨੂੰ ਆਪਣੀ ਪਾਰਟੀ ਤੋਂ ਦੂਜੀ ਪਾਰਟੀ ਵਿਚ ਜਾਣ ਤੋਂ ਪਹਿਲਾਂ ਵੋਟਰਾਂ ਅਤੇ ਜਨਤਾ ਦਾ ਦੁਬਾਰਾ ਫਤਵਾ ਅਤੇ ਲੋਕ ਰਾਏ ਪ੍ਰਾਪਤ ਕਰਨੀ ਜ਼ਰੂਰੀ ਹੋਵੇ ਤਾਂ ਕਿ ਪਾਰਟੀ ਬਦਲਣ ਵਾਲੇ ਨੇਤਾਵਾਂ ਨੂੰ ਲੋਕ ਰਾਏ ਦਾ ਅਹਿਸਾਸ ਹੋਵੇ |