ਰਾਏਕੋਟ, 5 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਲੁਧਿਆਣਾ ਰੋਡ 'ਤੇ ਪੈਂਦੇ ਪਿੰਡ ਗੋਂਦਵਾਲ ਨਜ਼ਦੀਕ ਕਟਿਆਲ ਪੈਲੇਸ ਸਾਹਮਣੇ ਇਕ ਥਾਰ ਗੱਡੀ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਔਰਤ ਤੇ ਬੱਚੇ ਦੀ ਮੌਕੇ ਉੱਪਰ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਘਟਨਾ ਸਥਾਨ ਦੇ ਨੇੜੇ ਸੜਕ ਕਿਨਾਰੇ ਖੜ੍ਹੇ ਟੈਂਕਰ ਨੂੰ ਪਾਸ ਕਰਨ ਲੱਗਿਆਂ ਇਹ ਹਾਦਸਾ ਵਾਪਰਿਆ ਹੈ, ਕਿਉਂਕਿ ਲੁਧਿਆਣਾ ਸਾਈਡ ਤੋਂ ਮੋਟਰਸਾਈਕਲ ਸਵਾਰ ਅਮਨਦੀਪ ਸਿੰਘ (35) ਪੁੱਤਰ ਅਜਮੇਰ ਸਿੰਘ ਵਾਸੀ ਹਠੂਰ, ਜੋ ਆਪਣੀ ਪਤਨੀ ਪਰਮਜੀਤ ਕੌਰ ਤੇ 9 ਸਾਲਾਂ ਬੇਟੇ ਅਕਾਸ਼ਦੀਪ ਸਿੰਘ ਨੂੰ ਮਨੁੱਖਤਾ ਦੀ ਸੇਵਾ ਬੱਦੋਵਾਲ ਤੋਂ ਦਵਾਈ ਦਵਾ ਕੇ ਵਾਪਸ ਰਾਏਕੋਟ ਵੱਲ ਨੂੰ ਆ ਰਿਹਾ ਸੀ, ਜਦੋਂ ਉਹ ਗੋਂਦਵਾਲ ਨਜ਼ਦੀਕ ਪੁੱਜਾ ਤਾਂ ਸੜਕ ਕਿਨਾਰੇ ਖੜ੍ਹੇ ਟੈਂਕਰ ਪਾਸ ਕਰਨ ਲੱਗਿਆ ਤਾਂ ਪਿੱਛਿਓਾ ਆ ਰਹੀ ਥਾਰ ਗੱਡੀ ਦੀ ਲਪੇਟ ਵਿਚ ਆ ਗਿਆ | ਇਸ ਟੱਕਰ ਦੌਰਾਨ ਤਿੰਨੇ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਦੁਕਾਨਦਾਰਾਂ ਤੇ ਰਾਹਗੀਰਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਔਰਤ ਤੇ 9 ਸਾਲਾਂ ਬੱਚੇ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ, ਜਦਕਿ ਗੰਭੀਰ ਜ਼ਖ਼ਮੀ ਅਮਨਦੀਪ ਸਿੰਘ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਲਈ ਰੈੱਫ਼ਰ ਕਰ ਦਿੱਤਾ ਗਿਆ | ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਥਾਰ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ | ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ ਹਰਪ੍ਰੀਤ ਸਿੰਘ ਮੌਕੇ ਉੱਪਰ ਪੁੱਜੇ, ਜਿਨ੍ਹਾਂ ਵਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਆਸਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਦੱਸਣਯੋਗ ਹੈ ਕਿ ਲੁਧਿਆਣਾ ਰੋਡ 'ਤੇ ਪਿੰਡ ਗੋਂਦਵਾਲ ਨਜ਼ਦੀਕ ਸੜਕ ਕਿਨਾਰੇ ਅਕਸਰ ਹੀ ਦਰਜਨ ਦੀ ਗਿਣਤੀ 'ਚ ਵੱਡੇ ਵਾਹਨ ਖੜ੍ਹੇ ਰਹਿੰਦੇ ਹਨ, ਜਿੰਨ੍ਹਾਂ ਕਰਕੇ ਜਿੱਥੇ ਟ੍ਰੈਫ਼ਿਕ ਵਿਚ ਵਿਘਨ ਪੈਂਦਾ ਹੈ, ਉੱਥੇ ਹੀ ਅੱਜ ਦੀ ਤਰ੍ਹਾਂ ਵਾਪਰੇ ਵੱਡੇ ਹਾਦਸੇ ਜਨਮ ਲੈਂਦੇ ਹਨ ਪ੍ਰੰਤੂ ਟ੍ਰੈਫ਼ਿਕ ਪੁਲਿਸ ਰਾਏਕੋਟ ਦਾ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਹੈ, ਜਿਸ ਕਰਕੇ ਰਾਹਗੀਰਾਂ 'ਤੇ ਦੁਰਘਟਨਾਵਾਂ ਦਾ ਖ਼ਤਰਾ ਮੰਡਰਾ ਰਿਹਾ ਹੈ |