ਪੱਖੋਵਾਲ/ਸਰਾਭਾ, 5 ਮਈ (ਖੁਸ਼ਵਿੰਦਰ ਸਿੰਘ ਸਰਾਭਾ)-ਆਧੁਨਿਕ ਯੁੱਗ 'ਚ ਕੁਦਰਤ ਤੋਂ ਸਮਾਰਟ ਸਮਾਧਾਨ ਤਹਿਤ ਜੜੀਆਂ ਬੂਟੀਆਂ ਤੋਂ ਦਵਾਈ ਦੀ ਖੋਜ 'ਚ ਆਰਟੀਫੀਸ਼ਲ ਇੰਟੈਲੀਜੈਂਸੀ (ਏ.ਆਈ.) ਦੀ ਵਰਤੋਂ ਅਹਿਮ ਰੋਲ ਅਦਾ ਕਰ ਰਹੀ ਹੈ | ਇਸ ਅਕਾਦਮਿਕ ਪਹਿਲ ਕਦਮੀ ਨਾਲ ਫਾਰਮਾਸੂਟੀਕਲ ਸਾਇੰਸ ਅਤੇ ਆਯੂਰਵੈਦਿਕ ਵਿਗਿਆਨ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰਨ ਨਾਲ ਇਸ ਦੇ ਹੈਰਾਨੀਜਨਕ ਨਤੀਜੇ ਮਿਲ ਰਹੇ ਹਨ | ਇਹ ਪ੍ਰਗਟਾਵਾ ਸ਼ਹੀਦ ਕਰਤਾਰ ਸਿੰਘ ਸਰਾਭਾ ਆਯੂਰਵੈਦਿਕ ਕਾਲਜ ਦੀ ਪਿ੍ੰ: ਡਾ: ਇੰਦਰਪਾਲ ਕੌਰ ਨੇ ਪਿਛਲੇ ਦਿਨੀਂ ਰਿਮਟ ਯੂਨੀਵਰਸਿਟੀ ਦੇ ਕਾਲਜ ਆਫ ਫਾਰਮੇਸੀ 'ਚ ਹੋਈ ਕਾਨਫਰੰਸ 'ਚ ਸ਼ਮੂਲੀਅਤ ਦੌਰਾਨ ਮਿਲੇ ਹਾਂ ਪੱਖੀ ਹੁੰਗਾਂਰੇ ਉਪਰੰਤ ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ 'ਚ ਦੇਸ਼ ਦੁਨੀਆ ਦੇ 500 ਤੋਂ ਵਧੇਰੇ ਡੈਲੀਗੇਟਾਂ ਨੇ ਹਿੱਸਾ ਲੈਂਦਿਆਂ ਭਰਵਾਂ ਹੁੰਗਾਰਾ ਦਿੱਤਾ | ਜਿਸ ਨੇ ਫਾਰਮਾਸੂਟੀਕਲ ਸਾਇੰਸ, ਆਯੂਰਵੈਦਿਕ ਵਿਗਿਆਨ 'ਚ ਏ.ਆਈ. ਦੀ ਵਰਤੋਂ ਨੂੰ ਹੋਰ ਵੀ ਉਤਸ਼ਾਹਿਤ ਕੀਤਾ ਹੈ ਤੇ ਭਾਰਤ 'ਚ ਇਹ ਆਪਣੇ ਕਿਸਮ ਦੀ ਨਿਵੇਕਲੀ ਪਹਿਲ ਕਦਮੀ ਮੰਨੀ ਜਾ ਰਹੀ ਹੈ, ਕਿਉਂਕਿ ਅਸੀਂ ਏ.ਆਈ ਰਾਹੀਂ ਜੜ੍ਹੀਆਂ ਬੂਟੀਆਂ 'ਚ ਬਿਮਾਰੀਆਂ ਨੂੰ ਠੀਕ ਕਰਨ ਵਾਲੇ ਗੁਣਾਂ ਨੂੰ ਉਜਾਗਰ ਕਰਕੇ ਵੱਖ-ਵੱਖ ਬਿਮਾਰੀਆਂ ਦਾ ਸੋਖਾਲਾ ਸਸਤਾ ਤੇ ਪ੍ਰਭਾਵਸ਼ਾਲੀ ਇਲਾਜ ਕਰਨ ਯੋਗ ਹੋ ਜਾਵਾਂਗੇ |