ਚੌਂਕੀਮਾਨ, 5 ਮਈ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ 'ਆਪ' ਆਗੂ ਬੇਅੰਤ ਸਿੰਘ ਬਾਸੀਆਂ ਬੇਟ ਨੇ ਪੰਜਾਬ ਰਾਜ ਅਨਾਜ਼ ਖ਼ਰੀਦ ਨਿਗਮ ਲਿਮਟਿਡ (ਪਨਗਰੇਨ) ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ | ਜਿਨ੍ਹਾਂ ਨੇ ਪੰਜਾਬ ਦੀਆਂ ਮੰਡੀਆਂ 'ਚ ਜਾ ਕੇ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਨੂੰ ਖ਼ਰੀਦਿਆ ਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ, ਜਿਸ ਨਾਲ ਕਿਸਾਨ ਵੀਰਾਂ ਦਾ ਪੰਜਾਬ ਸਰਕਾਰ ਤੇ ਹੋਰ ਵਿਸ਼ਵਾਸ ਵੱਧ ਗਿਆ ਹੈ | ਬੇਅੰਤ ਸਿੰਘ ਬਾਸੀਆਂ ਬੇਟ ਨੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਪੰਜਾਬ ਸਰਕਾਰ 8 ਘੰਟੇ ਮੋਟਰਾਂ ਵਾਲੀ ਸਪਲਾਈ ਨੂੰ ਯਕੀਨੀ ਬਣਾਏ ਤਾਂ ਜੋ ਕਿਸਾਨ ਆਪਣੀ ਫ਼ਸਲ ਨੂੰ ਬੀਜ਼ ਸਕਣ | ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਦੇਸ ਦੇ ਅੰਨਦਾਤੇ ਨੂੰ ਹਰ ਸਹੂਲਤ ਦੇਣਾ ਹੈ, ਜਿਸ ਤਹਿਤ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਇਆ ਹੈ ਤੇ ਮੋਟਰਾਂ ਵਾਲੀ ਸਪਲਾਈ ਵੀ ਨਿਰਵਿਘਨ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਹਨ ਤੇ ਸੂਬੇ ਦੇ ਮੁੱਖ ਮੰਤਰੀ ਕਹਿਣੀ ਤੇ ਕਰਨੀ ਦੇ ਪੱਕੇ ਹਨ ਤੇ ਸੂਬੇ ਦੇ ਲੋਕ ਵੀ 2027 ਵਿਚ ਮੁੜ ਤੋਂ ਆਮ ਆਦਮੀ ਪਾਰਟੀ ਨੂੰ ਸੱਤ੍ਹਾ ਵਿਚ ਲਿਆਉਣ ਲਈ ਬੇਸਬਰੀ ਨਾਲ 2027 ਦੀ ਉਡੀਕ ਕਰ ਰਹੇ ਹਨ |