ਗੁਰੂਸਰ ਸੁਧਾਰ, 5 ਮਈ (ਬਲਵਿੰਦਰ ਸਿੰਘ ਧਾਲੀਵਾਲ)-ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਲਾਜ਼ਮੀ ਕੀਤੀ ਗਈ ਪ੍ਰੰਪਰਾ ਅਨੁਸਾਰ ਸਮੁੱਚੇ ਪ੍ਰਬੰਧਕੀ ਸਟਾਫ਼ ਦੇ ਦਫ਼ਤਰੀ ਕੰਮਕਾਜ ਦੀ ਸ਼ੁਰੂਆਤ ਮੂਲ ਮੰਤਰ, ਗੁਰਮੰਤਰ, ਜਪੁਜੀ ਸਾਹਿਬ, ਪੰਜ ਬਾਣੀਆਂ ਦੇ ਪਾਠ ਅਤੇ ਅਰਦਾਸ ਬੇਨਤੀ ਕਰਨ ਉਪਰੰਤ ਕੀਤੀ ਗਈ | ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਪ੍ਰਬੰਧਾਂ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੇ ਮੁੱਖ ਦਫ਼ਤਰ ਵਿਖੇ ਮੈਨੇਜਰ ਅਮਰੀਕ ਸਿੰਘ ਦਿਓਲ, ਕਲਰਕ ਗੁਰਵਿੰਦਰ ਸਿੰਘ, ਬਲਜੀਤ ਸਿੰਘ ਕਲਰਕ, ਭਾਈ ਰਵਿੰਦਰਪਾਲ ਸਿੰਘ ਕਥਾਵਾਚਕ, ਹੈੱਡ ਰਾਗੀ ਭਾਈ ਰੁਪਿੰਦਰ ਸਿੰਘ, ਸਹਾਇਕ ਰਾਗੀ ਭਗਵੰਤ ਸਿੰਘ, ਹਰਮੀਤ ਸਿੰਘ ਸਿਸਟਮ ਆਪ੍ਰੇਟਰ ਆਦਿ ਸਮੂਹ ਸਟਾਫ਼ ਨੇ ਆਦੇਸ਼ਾਂ ਅਨੁਸਾਰ ਦਫ਼ਤਰੀ ਕੰਮਕਾਰ ਦੀ ਸ਼ੁਰੂਆਤ ਪਾਠ ਅਤੇ ਅਰਦਾਸ ਬੇਨਤੀ ਉਪਰੰਤ ਕੀਤੀ | ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ਼ੁਰੂ ਕੀਤੀ ਇਹ ਪ੍ਰੰਪਰਾ ਆਪਣੇ ਆਪ ਵਿਚ ਇਤਿਹਾਸਕ ਹੈ | ਮੈਨੇਜਰ ਅਮਰੀਕ ਸਿੰਘ ਦਿਓਲ ਦੇ ਨਾਲ ਇਸ ਮੌਕੇ ਗੁਰਦੁਆਰਾ ਸਾਹਿਬ ਦਾ ਸਮੂਹ ਪ੍ਰਬੰਧਕੀ ਸਟਾਫ਼ ਹਾਜ਼ਰ ਸੀ |