ਪੰਥ, ਪੰਜਾਬ ਤੇ ਕੌਮ ਦੇ ਭਲੇ ਲਈ ਹਊਮੈ, ਲਾਲਸਾ ਦਾ ਤਿਆਗ ਜ਼ਰੂਰੀ-ਵਿਧਾਇਕ ਇਯਾਲੀ <br/>
ਅਜੀਤ ਡੈਸਕ
06-05-2026
ਬੋਪਾਰਾਏ ਕਲਾਂ ਦੇ ਆਗੂਆਂ ਨਾਲ ਵਿਚਾਰ-ਵਟਾਂਦਰੇ
ਗੁਰੂਸਰ ਸੁਧਾਰ, 5 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪੰਥਕ ਏਕਤਾ ਤਾਲਮੇਲ ਕਮੇਟੀ ਦੇ ਕਨਵੀਨਰ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਬੇਹੱਦ ਮਾੜੇ ਦੌਰ 'ਚੋਂ ਲੰਘ ਰਹੇ ਸੂਬੇ ਦੇ ਹਿੱਤਾਂ ਦੀ ਰਾਖੀ, ਪੰਥ ਦੇ ਕੌਮ ਦੇ ਭਲੇ ਲਈ ਪੰਜਾਬ ਹਿਤੈਸ਼ੀ ਅਖਵਾਉਣ ਵਾਲਿਆਂ ਨੂੰ ਹਉਮੈ, ਲਾਲਸਾ ਦਾ ਤਿਆਗ ਕਰਨਾ ਪਵੇਗਾ | ਪਿੰਡ ਬੋਪਾਰਾਏ ਕਲਾਂ ਦੇ ਟਕਸਾਲੀ ਅਕਾਲੀ ਤੇ ਵਿਧਾਇਕ ਇਯਾਲੀ ਸਮਰਥਕ ਮਾ. ਗੁਰਦੀਪ ਸਿੰਘ ਦਿਓਲ, ਮਾ. ਹਰਜਿੰਦਰਪਾਲ ਸਿੰਘ, ਗੁਰਮੇਲ ਸਿੰਘ ਦਿਓਲ, ਸੁਖਰਾਜ ਸਿੰਘ ਦਿਓਲ, ਗੁਰਪ੍ਰੀਤ ਸਿੰਘ ਕਾਲਾ, ਰਛਪਾਲ ਸਿੰਘ ਦਿਓਲ ਆਦਿ ਆਗੂ ਜੋ ਕਿ ਬੋਪਾਰਾਏ ਕਲਾਂ ਸਮੇਤ ਆਸਪਾਸ ਦੇ ਪਿੰਡਾਂ ਵਿਚ ਆਪਣਾ ਆਧਾਰ ਰੱਖਦੇ ਹਨ, ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਉਹ ਪੰਥਕ ਸੋਚ, ਸਿਧਾਂਤਾਂ, ਮਰਿਯਾਦਾ ਦੀ ਬਹਾਲੀ, ਬੰਦੀ ਸਿੰਘਾਂ ਦੀ ਰਿਹਾਈ, ਨਿੱਘਰ ਰਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਆਦਿ ਸਮੇਤ ਸਾਰੇ ਗੰਭੀਰ ਮਸਲਿਆਂ ਨੂੰ ਲੈ ਕੇ ਬਤੌਰ ਕਨਵੀਨਰ ਵੱਖ-ਵੱਖ ਹਲਕਿਆਂ ਵਿਚ ਜਾ ਕੇ ਪੰਜਾਬ ਦਰਦੀਆਂ ਨਾਲ ਵਿਚਰ ਰਹੇ ਹਨ | ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਹ ਵੀ ਕਿਹਾ ਕਿ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਬਰਕਰਾਰ ਰੱਖ ਕੇ ਕੇਂਦਰ ਤੇ ਸੂਬਾਈ ਸਰਕਾਰਾਂ ਸ਼ਰ੍ਹੇਆਮ ਧੱਕੇਸ਼ਾਹੀ ਦਾ ਸਬੂਤ ਦੇ ਰਹੀਆਂ ਹਨ ਤੇ ਰਾਜਨੀਤਿਕ, ਸਮਾਜਿਕ, ਧਾਰਮਿਕ ਖੇਤਰ ਸਮੇਤ ਹਰ ਪੱਖ ਤੋਂ ਕਮਜ਼ੋਰ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਸਭਨਾਂ ਨੂੰ ਆਪਣੀਆਂ ਨਿੱਜੀ ਇੱਛਾਵਾਂ ਦਾ ਤਿਆਗ ਕਰਕੇ ਸਮਰਪਣ ਭਾਵਨਾ ਨਾਲ ਇਕਜੁਟ ਹੋਣਾ ਪਵੇਗਾ |