ਜਗਰਾਉਂ, 5 ਮਈ (ਵਿਨੋਦ ਕੁਮਾਰ)-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖ਼ੇ ਲਗਭਗ ਵੀਹ ਸਾਲ ਪਹਿਲਾਂ ਇਸ ਸਕੂਲ ਵਿਚ ਪੜ੍ਹੇ ਪੁਰਾਣੇ ਵਿਦਿਆਰਥੀਆਂ ਨੇ ਪੁੱਜ ਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ | ਇਸ ਮੌਕੇ ਵਿਦਿਆਰਥੀ ਜਿਉਂ ਹੀ ਸਕੂਲ ਅੰਦਰ ਦਾਖ਼ਲ ਹੋਏ ਉਨ੍ਹਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਨਾਲ-ਨਾਲ ਭਾਵੁਕਤਾ ਸੀ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਸਿੱਖਿਆ ਦੇ ਨਾਲ ਜੀਵਨ ਦੀਆਂ ਮੁੱਲਵਾਨ ਸਿੱਖਿਆਵਾਂ ਦਿੱਤੀਆਂ ਸਨ | ਇਸ ਮੌਕੇ ਪੁਰਾਣੇ ਵਿਦਿਆਰਥੀਆਂ ਨੇ ਕਿਹਾ ਕਿ ਕਦੇ ਇੱਥੇ ਖੇਡਣ, ਸਿੱਖਣ ਅਤੇ ਹੱਸਣ ਵਾਲੇ ਚਿਹਰੇ ਅੱਜ ਸਮੇਂ ਦੇ ਨਾਲ ਭਾਵੇਂ ਬਦਲ ਗਏ ਪਰ ਦਿਲਾਂ 'ਚ ਉਹੀ ਮਾਸੂਮ ਯਾਦਾਂ ਹਨ | ਉਨ੍ਹਾਂ ਨੇ ਆਪਣੇ ਪੁਰਾਣੇ ਕਲਾਸਰੂਮ ਵੇਖੇ ਅਤੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਇਹੀ ਥਾਂ ਉਨ੍ਹਾਂ ਦੀਆਂ ਖ਼ੁਸ਼ੀਆਂ ਅਤੇ ਸਿਖਲਾਈ ਦਾ ਕੇਂਦਰ ਸੀ | ਅਧਿਆਪਕਾਂ ਨੇ ਵੀ ਆਪਣੇ ਪੁਰਾਣੇ ਵਿਦਿਆਰਥੀਆਂ ਨੂੰ ਦੇਖ ਕੇ ਮਾਣ ਮਹਿਸੂਸ ਕੀਤਾ ਅਤੇ ਉਨ੍ਹਾਂ ਦੀਆਂ ਕਾਮਯਾਬੀਆਂ ਬਾਰੇ ਜਾਣ ਕੇ ਖੁਸ਼ੀ ਜਤਾਈ | ਇਸ ਮੌਕੇ ਪਿ੍ੰਸੀਪਲ ਸੁਪਿ੍ਆ ਖੁਰਾਣਾ ਨੇ ਵਿਦਿਆਰਥੀਆਂ ਨੂੰ ਸਕੂਲ ਦਾ ਦੌਰਾ ਕਰਵਾਇਆ ਅਤੇ ਕਿਹਾ ਕਿ ਇਸ ਸਕੂਲ 'ਚੋਂ ਵਿਦਿਆਰਥੀ ਪੜ੍ਹਾਈ ਕਰਕੇ ਆਪਣੀ ਜ਼ਿੰਦਗੀ 'ਚ ਸਫ਼ਲਤਾ ਹਾਸਲ ਕਰ ਚੁੱਕੇ ਹਨ ਅਤੇ ਆਪਣਾ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਹੇ ਹਨ |