ਭੂੰਦੜੀ, 5 ਮਈ (ਕੁਲਦੀਪ ਸਿੰਘ ਮਾਨ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁੜੈਣ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਿਜ਼ਨੈੱਸ ਬਲਾਸਟਰ ਪ੍ਰੋਗਰਾਮ ਤਹਿਤ ਇਕ ਰੰਗਾਰੰਗ ਬਿਜ਼ਨੈੱਸ ਮੇਲਾ ਲਗਾਇਆ ਗਿਆ | ਇਸ ਮੇਲੇ ਵਿਚ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਵਲੋਂ ਪ੍ਰਤੀ ਵਿਦਿਆਰਥੀ ਮਿਲੀ 1000 ਰੁਪਏ ਦੀ ਸੀਡ ਮਨੀ ਦੀ ਮਦਦ ਨਾਲ ਆਪਣੇ ਨਵੇਂ-ਨਵੇਂ ਬਿਜ਼ਨੈੱਸ ਵਿਚਾਰਾਂ ਨੂੰ ਪ੍ਰਦਰਸ਼ਿਤ ਕੀਤਾ | ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵੱਖ-ਵੱਖ ਉਤਪਾਦ ਅਤੇ ਮਾਡਲ ਲੋਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਹੇ | ਸਿੱਖਿਆ ਵਿਭਾਗ ਦੇ ਇਸ ਉਪਰਾਲੇ ਰਾਹੀਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਜ਼ਨੈੱਸ ਖੇਤਰ ਵਿਚ ਹੱਥ ਅਜ਼ਮਾਉਣ ਅਤੇ ਸਿਖਲਾਈ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਹ ਆਪਣੇ ਨਵੀਂ ਸੋਚ ਅਤੇ ਕੌਸ਼ਲ ਨੂੰ ਨਿਖਾਰ ਸਕਦੇ ਹਨ | ਇਸ ਮੌਕੇ ਸੱਤ ਟੀਮਾਂ ਵਲੋਂ ਮੇਲੇ ਵਿਚ ਭਾਗ ਲਿਆ ਗਿਆ | ਬੀ.ਬੀ. ਡਾਇਮੰਡ ਗਰੁੱਪ ਵਲੋਂ ਤਿਆਰ ਕੀਤਾ ਸਟੋਨ ਆਰਟ, ਪੇਪਰ ਵੇਟ, ਸਜਾਵਟੀ ਸਮਾਨ ਅਤੇ ਮਹਿੰਦੀ ਦੀ ਸਟਾਲ ਪਹਿਲੇ ਸਥਾਨ 'ਤੇ ਰਹੀ | ਦੂਜਾ ਸਥਾਨ ਟੀਮ-3 ਨੂੰ ਪੁਰਾਣੇ ਸਮਾਨ ਤੋਂ ਤਿਆਰ ਕੀਤੇ ਡੀ.ਜੇ. ਮਿਊਜ਼ਿਕ ਸਿਸਟਮ ਲਈ ਮਿਲਿਆ, ਜਦਕਿ ਹਿਨਾ ਟੀਮ ਮਹਿੰਦੀ ਲਗਾਉਣ ਅਤੇ ਕਿਰਾਏ 'ਤੇ ਡਰੈਸ ਮੁਹੱਈਆ ਕਰਵਾਉਣ ਵਾਲੇ ਸਟਾਲ ਨਾਲ ਤੀਜੇ ਸਥਾਨ 'ਤੇ ਰਹੀ | ਇਸ ਤੋਂ ਇਲਾਵਾ ਕੜ੍ਹਾਈ, ਕਲਾਈ ਬੈਂਡ ਅਤੇ ਬ੍ਰੈਸਲਟ ਤਿਆਰ ਕਰਨ ਵਾਲੀਆਂ ਸਟਾਲਾਂ ਨੂੰ ਵੀ ਦਰਸ਼ਕਾਂ ਵਲੋਂ ਭਰਪੂਰ ਪ੍ਰਸ਼ੰਸਾ ਮਿਲੀ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਨੀਨਾ ਮਿੱਤਲ ਅਤੇ ਸਮੂਹ ਸਟਾਫ਼ ਵਲੋਂ ਪਿੰਡ ਦੇ ਪਤਵੰਤਿਆਂ ਸਮੇਤ ਸਟਾਲਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਵਿਦਿਆਰਥੀਆਂ ਨੂੰ ਬਿਜ਼ਨੈਸ ਸੰਬੰਧੀ ਕੀਮਤੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |