ਜਗਰਾਉਂ, 5 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਐੱਸ.ਡੀ.ਐੱਮ. ਉਪਿੰਦਰਜੀਤ ਕੌਰ ਬਰਾੜ ਜਿਨ੍ਹਾਂ ਨੇ ਹਾਲ ਹੀ ਕੌਂਸਲ ਦਾ ਬਤੌਰ ਪ੍ਰਸ਼ਾਸਕ ਅਹੁਦਾ ਸੰਭਾਲਿਆ, ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਮੌਕੇ ਨਗਰ ਕੌਂਸਲ ਦੇ ਅਮਲੇ ਨੇ ਪ੍ਰਸ਼ਾਸਕ ਬਰਾੜ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਐੱਸ.ਡੀ.ਐੱਮ ਮੈਡਮ ਬਰਾੜ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਸੁਥਰਾ, ਸੀਵਰੇਜ ਦੇ ਨਿਕਾਸੀ, ਆਵਾਜਾਈ ਨਿਰਵਿਘਨ ਬਣਾਉਣੀ, ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਉਣਾ ਅਤੇ ਕਮੇਟੀ ਅੰਦਰ ਕੰਮ ਕਰਵਾਉਣ ਆਉਣ ਵਾਲੇ ਸ਼ਹਿਰੀਆਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਆਦਿ ਲਈ ਉਹ ਕੰਮ ਕਰਨਗੇ | ਉਨ੍ਹਾਂ ਦੱਸਿਆ ਕਿ ਉਹ ਦਫ਼ਤਰੀ ਸਟਾਫ਼ ਦੀ ਹਾਜ਼ਰੀ ਨੂੰ ਸਮੇਂ ਸਮੇਂ ਚੈੱਕ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿਚ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ | ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਹੈ ਤਾਂ ਉਹ ਪਹਿਲਾਂ ਕੌਂਸਲ ਦੇ ਅਧਿਕਾਰੀਆਂ ਨੂੰ ਮਿਲਣ ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਮੇਰੇ ਕੋਲ ਆਉਣ | ਉਨ੍ਹਾਂ ਕਿਹਾ ਕਿ ਜਨਤਾ ਦੇ ਲਈ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਚੌਵੀ ਘੰਟਿਆਂ ਲਈ ਖੁੱਲ੍ਹੇ ਹਨ | ਇਸ ਮੌਕੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਨੇ ਪ੍ਰਸ਼ਾਸਕ ਬਰਾੜ ਨੂੰ ਨਗਰ ਕੌਂਸਲ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਸਟਾਫ਼ ਦੀਆਂ ਹੋਰ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਇਆ | ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੇ ਸਾਰੇ ਅਮਲੇ ਨੂੰ ਇਕ ਟੀਮ ਵਾਂਗ ਕੰਮ ਕਰਨ ਲਈ ਆਖਿਆਂ ਤਾਂ ਜੋ ਸ਼ਹਿਰ ਵਾਸੀਆਂ ਨੂੰ ਬਣਦੀ ਹਰ ਸਹੂਲਤ ਦਿੱਤੀ ਜਾ ਸਕੇ | ਇਸ ਮੌਕੇ ਅਭੈ ਜੋਸ਼ੀ, ਸ਼ਿਵ ਕੁਮਾਰ, ਮਨਦੀਪ ਕੁਮਾਰ, ਦਵਿੰਦਰ ਸਿੰਘ, ਸਾਹਿਲ ਕੁਮਾਰ, ਨਰਿੰਦਰ ਕੁਮਾਰ, ਨਵਜੀਤ ਕੌਰ, ਹਰਦੀਪ ਢੋਲਣ, ਹਰੀਸ਼ ਕੁਮਾਰ, ਦਵਿੰਦਰ ਸਿੰਘ ਗਰਚਾ, ਜਗਮੋਹਣ ਸਿੰਘ, ਤਾਰਿਕ, ਸਤਨਾਮ ਸਿੰਘ ਵਿੱਕੀ ਗਰੇਵਾਲ ਆਦਿ ਹਾਜ਼ਰ ਸਨ |