ਜਗਰਾਉਂ, 8 ਮਈ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਵਿਖੇ ਮਾਂ ਦਿਵਸ ਪੂਰੇ ਉਤਸ਼ਾਹ ਤੇ ਭਾਵਨਾਵਾਂ ਨਾਲ ਮਨਾਇਆ ਗਿਆ | ਨਰਸਰੀ ਤੋਂ ਲੈ ਕੇ ਯੂ.ਕੇ.ਜੀ. ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੀ ਰਚਨਾਤਮਕਤਾ ਅਤੇ ਪ੍ਰਤਿਭਾ ਨਾਲ ਸਮਾਗਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ | ਪ੍ਰੋਗਰਾਮ ਦੀ ਸ਼ੁਰੂਆਤ 'ਚ ਪ੍ਰੀ-ਨਰਸਰੀ ਤੇ ਨਰਸਰੀ ਦੇ ਬੱਚਿਆਂ ਨੇ ਮਾਂ ਲਈ ਖੂਬਸੂਰਤ ਕਰਾਫਟ ਬਣਾਏ ਅਤੇ ਅਸਾਈਨਮੈਂਟ ਸ਼ੀਟਾਂ 'ਤੇ ਦਿਲ ਲਗਾ ਕੇ ਰੰਗ ਭਰੇ | ਯੂ.ਕੇ.ਜੀ. ਦੇ ਬੱਚਿਆਂ ਨੇ ਵੀ ਅਸਾਈਨਮੈਂਟਾਂ ਵਿਚ ਰੰਗ ਭਰ ਕੇ ਆਪਣੀ ਮਾਂ ਪ੍ਰਤੀ ਪਿਆਰ ਜਤਾਇਆ | ਹਰ ਰੰਗ ਅਤੇ ਹਰ ਕਾਗਜ਼ 'ਤੇ ਬੱਚਿਆਂ ਦਾ ਆਪਣੀ ਮਾਂ ਲਈ ਪਿਆਰ ਸਾਫ਼ ਝਲਕ ਰਿਹਾ ਸੀ | ਬੱਚਿਆਂ ਨੇ ਦਿਲ ਦੇ ਆਕਾਰ ਵਿਚ ਆਪਣੀ ਮਾਂ ਦੀ ਤਸਵੀਰ ਲਗਾ ਕੇ ਉਨ੍ਹਾਂ ਪ੍ਰਤੀ ਆਪਣਾ ਸਨੇਹ ਪ੍ਰਗਟ ਕੀਤਾ ਅਤੇ ਬਹੁਤ ਹੀ ਸੋਹਣੀ ਪੇਸ਼ਕਾਰੀ ਦਿੱਤੀ | ਇਸ ਤੋਂ ਬਾਅਦ ਐੱਲ.ਕੇ.ਜੀ. ਦੇ ਬੱਚਿਆਂ ਨੇ ਸਟੇਜ ਸੰਭਾਲੀ ਅਤੇ ਤਿੰਨ ਖਾਸ ਪੇਸ਼ਕਾਰੀਆਂ ਦਿੱਤੀਆਂ | ਇਸ ਮੌਕੇ ਸਾਰੇ ਬੱਚੇ ਰੰਗ-ਬਿਰੰਗੇ, ਸੋਹਣੇ ਪਹਿਰਾਵੇ ਵਿਚ ਸਜ-ਧਜ ਕੇ ਆਏ ਸਨ, ਜਿਸ ਨਾਲ ਪੂਰਾ ਸਕੂਲ ਕੈਂਪਸ ਤਿਉਹਾਰ ਵਰਗਾ ਲੱਗ ਰਿਹਾ ਸੀ | ਪ੍ਰੋਗਰਾਮ ਦੇ ਅੰਤ ਵਿਚ ਪਿ੍ੰਸੀਪਲ ਮੈਡਮ ਨੀਲਮ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਮਾਂ ਦੀ ਕੁਰਬਾਨੀ, ਮਮਤਾ ਅਤੇ ਮਹੱਤਤਾ ਨੂੰ ਸਰਲ ਸ਼ਬਦਾਂ ਵਿਚ ਸਮਝਾਇਆ |