ਚੌਂਕੀਮਾਨ, 8 ਮਈ (ਤੇਜਿੰਦਰ ਸਿੰਘ ਚੱਢਾ)-ਤੇਜਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੌਂਕੀਮਾਨ ਵਿਖੇ ਕਲਾਸ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ਇੰਟਰ ਹਾਊਸ ਫੁੱਟਬਾਲ ਮੁਕਾਬਲੇ ਕਰਵਾਏ ਗਏ | ਇਹ ਖੇਡ ਮੁਕਾਬਲੇ ਸਕੂਲ ਦੀ ਪਿ੍ੰਸੀਪਲ ਡਾ. ਬਲਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਦੇਖ-ਰੇਖ ਹੇਠ ਆਯੋਜਿਤ ਕੀਤੇ ਗਏ | ਮੁਕਾਬਲਿਆਂ ਵਿਚ ਵੱਖ-ਵੱਖ ਹਾਊਸਾਂ ਦੇ ਨੰਨੇ-ਮੁੰਨੇ ਖਿਡਾਰੀਆਂ ਨੇ ਬੜੇ ਜੋਸ਼ ਨਾਲ ਭਾਗ ਲਿਆ | ਇਹ ਮੁਕਾਬਲੇ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਸੁਖਵਿੰਦਰ ਸਿੰਘ ਅਤੇ ਕਿਰਨਦੀਪ ਕੌਰ ਦੀ ਰਹਿਨੁਮਾਈ ਹੇਠ ਬਹੁਤ ਹੀ ਸੁਚੱਜੇ ਅਤੇ ਸਫ਼ਲ ਢੰਗ ਨਾਲ ਕਰਵਾਏ ਗਏ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਦਿਆਂ ਖੇਡਾਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਦੀ ਮਿਹਨਤ ਅਤੇ ਸਹਿਯੋਗ ਕਾਰਨ ਸਾਰੇ ਮੈਚ ਸ਼ਾਂਤੀਪੂਰਵਕ ਅਤੇ ਸਫ਼ਲਤਾਪੂਰਵਕ ਸੰਪੰਨ ਹੋਏ | ਪਿ੍ੰਸੀਪਲ ਡਾ. ਬਲਵਿੰਦਰ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹਨ | ਖੇਡਾਂ ਨਾਲ ਬੱਚਿਆਂ ਵਿੱਚ ਆਤਮਵਿਸ਼ਵਾਸ, ਸਹਿਯੋਗ ਦੀ ਭਾਵਨਾ ਅਤੇ ਸਰੀਰਕ ਤੰਦਰੁਸਤੀ ਦਾ ਵਿਕਾਸ ਹੁੰਦਾ ਹੈ | ਉਨ੍ਹਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਹਰੇਕ ਵਿਦਿਆਰਥੀ ਨੂੰ ਭਵਿੱਖ ਵਿੱਚ ਵੀ ਖੇਡ ਗਤੀਵਿਧੀਆਂ ਵਿਚ ਵੱਧ-ਚੜ੍ਹਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ | ਮੁਕਾਬਲਿਆਂ ਦੇ ਅੰਤ ਵਿਚ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ |