ਭੂੰਦੜੀ, 21 ਮਈ (ਕੁਲਦੀਪ ਸਿੰਘ ਮਾਨ)-ਚੇਅਰਮੈਨ ਰਵੀ ਸਿੰਘ ਪੱਬੀਆਂ ਯੂ.ਐੱਸ.ਏ. ਨੇ ਕਿਹਾ ਕਿ ਆਨਲਾਈਨ ਪਲੇਟਫਾਰਮ ਆਪਣੇ ਆਪ ਵਿਚ ਗਲਤ ਨਹੀਂ ਹਨ, ਜਦੋਂ ਬਾਜ਼ਾਰ ਵਿਚ ਦਵਾਈਆਂ ਦੀਆਂ ਕੀਮਤਾਂ 'ਤੇ ਕੋਈ ਢੰਗ ਦਾ ਕਾਬੂ ਨਾ ਰਹੇ ਤਾਂ ਆਮ ਮਰੀਜ਼ ਮਜ਼ਬੂਰੀ ਵੱਸ ਸਸਤੇ ਵਿਕਲਪ ਲੱਭਣ ਲਈ ਆਨਲਾਈਨ ਸਹੂਲਤਾਂ ਵੱਲ ਰੁਖ ਕਰਦਾ ਹੈ | ਉਨ੍ਹਾਂ ਕਿਹਾ ਕਿ ਮਹਿੰਗੀਆਂ ਦਵਾਈਆਂ ਨੇ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦਾ ਘਰੇਲੂ ਬਜਟ ਹਿਲਾ ਕੇ ਰੱਖ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਅੱਜ ਪੂਰੇ ਪੰਜਾਬ ਵਿਚ ਮੈਡੀਕਲ ਸਟੋਰ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਇਹ ਵੀ ਕਿਹਾ ਕਿ ਮੈਡੀਕਲ ਸਟੋਰਾਂ ਦੇ ਕਿਰਾਏ, ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਹੋਰ ਵਧਦੇ ਖਰਚਿਆਂ ਕਾਰਨ ਵੀ ਦਵਾਈਆਂ ਦੀਆਂ ਕੀਮਤਾਂ ਵੱਧ ਦਾ ਕਾਰਨ ਵੀ ਹੋ ਸਕਦਾ ਹੈ | ਦੂਜੇ ਪਾਸੇ ਆਨਲਾਇਨ ਵਾਲਿਆਂ ਨੂੰ ਇਹ ਖ਼ਰਚੇ ਘੱਟ ਜਾਂਦੇ ਤੇ ਦਵਾਈਆਂ ਦੇ ਰੇਟ ਵੀ ਘੱਟ ਹੋਣ ਦਾ ਕਾਰਨ ਬਣ ਸਕਦੇ ਹਨ | ਪੱਬੀਆਂ ਨੇ ਕਿਹਾ ਕਿ ਸਿਹਤ ਸੇਵਾਵਾਂ ਕਿਸੇ ਵਪਾਰ ਦਾ ਸਾਧਨ ਨਹੀਂ, ਸਗੋਂ ਲੋਕਾਂ ਦਾ ਬੁਨਿਆਦੀ ਹੱਕ ਹਨ | ਇਸ ਲਈ ਜ਼ਰੂਰੀ ਹੈ ਕਿ ਸਰਕਾਰਾਂ ਦਵਾਈਆਂ ਦੀਆਂ ਕੀਮਤਾਂ ਨੂੰ ਕਾਬੂ ਵਿਚ ਰੱਖਣ ਲਈ ਪ੍ਰਭਾਵਸ਼ਾਲੀ ਨੀਤੀ ਬਣਾਉਣ ਤਾਂ ਜੋ ਹਰ ਵਰਗ ਦਾ ਮਰੀਜ਼ ਬਿਨਾਂ ਆਰਥਿਕ ਬੋਝ ਦੇ ਇਲਾਜ ਕਰਵਾ ਸਕੇ |