ਸਮਰਾਲਾ, 25 ਮਈ (ਗੋਪਾਲ ਸੋਫਤ)-ਆਖਰ ਨਗਰ ਕੌਂਸਲ ਸਮਰਾਲਾ ਦੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵੀਰ ਸਿੰਘ ਸੇਖੋਂ ਦੀ ਉਮੀਦਵਾਰੀ ਰੱਦ ਹੋ ਹੀ ਗਈ ਹੈ | ਪਰ ਮਾਨਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਇਸ ਵਾਰਡ ਦੇ ਬਾਕੀ ਤਿੰਨ ਉਮੀਦਵਾਰਾਂ ਦੀ ਚੋਣ ਲਈ ਕੱਲ੍ਹ ਹੀ ਵੋਟਾਂ ਪਵਾਈਆਂ ਜਾਣਗੀਆਂ | ਆਮ ਆਦਮੀ ਪਾਰਟੀ ਦੇ ਸਤਬੀਰ ਸਿੰਘ ਸੇਖੋਂ ਦੀ ਨਾਮਜ਼ਦਗੀ ਨੂੰ ਪ੍ਰਵਾਨ ਕਰਨ ਵਿਰੁੱਧ ਇਸ ਵਾਰਡ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਗਗਨਦੀਪ ਕੁਮਾਰ ਸ਼ਰਮਾ ਅਤੇ ਅਕਾਲੀ ਦਲ ਦੇ ਉਮੀਦਵਾਰ ਵਲੋਂ ਹਾਈਕੋਰਟ ਅੱਗੇ ਦਾਇਰ ਕਰ ਕੇ ਆਮ ਆਦਮੀ ਪਾਰਟੀ ਦੇ ਸਤਵੀਰ ਸਿੰਘ ਸੇਖੋਂ ਦੀ ਨਾਮਜ਼ਦਗੀ ਨੂੰ ਸਜ਼ਾ ਯਾਫ਼ਤਾ ਹੋਣ ਦੇ ਸਬੂਤ ਦੇਣ ਦੇ ਬਾਵਜੂਦ ਸਥਾਨਕ ਰਿਟਰਨਿੰਗ ਅਫ਼ਸਰ ਵਲੋਂ ਗਲਤ ਤਰੀਕੇ ਨਾਲ ਸਵੀਕਾਰ ਕਰਨ ਨੂੰ ਚੁਣੌਤੀ ਦਿੱਤੀ ਗਈ ਸੀ | ਅਕਾਲੀ ਦਲ ਉਮੀਦਵਾਰ ਦੇ ਵਕੀਲ ਗੁਰਵੀਰ ਸਿੰਘ ਢਿੱਲੋਂ ਨੇ ਅੱਜ ਇੱਥੇ ਇੱਕ ਪੈੱ੍ਰਸ ਕਾਨਫ਼ਰੰਸ ਵਿਚ ਦੱਸਿਆ ਕਿ ਮਨਦੀਪ ਸਿੰਘ ਵਲੋਂ ਇੱਕ ਰਿੱਟ ਰਾਹੀਂ ਹਾਈਕੋਰਟ ਵਿਚ ਸੁਖਬੀਰ ਸਿੰਘ ਸੇਖੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 2 ਤੋਂ ਨਾਮਜ਼ਦਗੀ ਚੈਲੰਜ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਹਾਈਕੋਰਟ ਨੇ ਐੱਸ. ਡੀ. ਐੱਮ. ਸਮਰਾਲਾ ਨੂੰ ਅੱਜ ਨਿੱਜੀ ਤੌਰ 'ਤੇ ਤਲਬ ਕੀਤਾ ਸੀ ਜਿਹੜੇ ਅੱਜ ਕੋਰਟ 'ਚ ਆਏ ਸਨ | ਜਿਸ ਦੀ ਸੁਣਵਾਈ ਦੌਰਾਨ ਰਿਟਰਨਿੰਗ ਅਫ਼ਸਰ ਨੇ ਆਪਣੇ ਜਵਾਬ 'ਚ ਦੱਸਿਆ ਕਿ ਆਪ ਦੇ ਉਮੀਦਵਾਰ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ | ਸਤਵੀਰ ਸਿੰਘ ਸੇਖੋਂ ਦੀ ਨਾਮਜ਼ਦਗੀ ਰੱਦ ਹੋ ਜਾਣ ਕਾਰਨ ਹੁਣ ਕਾਂਗਰਸ ਦੇ ਗਗਨਦੀਪ ਸ਼ਰਮਾ, ਅਕਾਲੀ ਦਲ ਦੇ ਅਮਨਦੀਪ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਰਵਿੰਦਰ ਕੁਮਾਰ ਸ਼ਰਮਾ ਵਿਚਕਾਰ ਚੋਹ ਕੋਨੇ ਮੁਕਾਬਲੇ ਦੀ ਬਜਾਏ ਤਿੰਨ ਕੋਨਾ ਮੁਕਾਬਲੇ ਲਈ ਕੱਲ੍ਹ ਸ਼ਹਿਰ ਦੇ ਹੋਰਨਾਂ ਵਾਰਡਾਂ ਦੇ ਨਾਲ ਹੀ ਵੋਟਾਂ ਪਾਈਆਂ ਜਾਣਗੀਆਂ | ਪ੍ਰਸ਼ਾਸਨ ਵਲੋਂ ਇਸ ਸਬੰਧੀ ਬਕਾਇਦਾ ਅੱਜ ਮੁਨਿਆਦੀ ਵੀ ਕਰਵਾਈ ਗਈ ਹੈ | ਇਸ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਬੀਰ ਸਿੰਘ ਸੇਖੋਂ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਵੱਡੇ ਦਾਅਵੇਦਾਰ ਸਨ ਪਰ ਅਜੇ ਵੀ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਤਿੰਨ ਹੋਰ ਦਾਅਵੇਦਾਰ ਕੌਂਸਲ ਦੀਆਂ ਚੋਣਾਂ ਲੜ ਰਹੇ ਹਨ |