ਗੁਰੂਸਰ ਸੁਧਾਰ, 6 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਦੀ 42ਵੀਂ ਬਰਸੀ ਮੌਕੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਵਿਖੇ ਬੀਤੇ ਦਿਨਾਂ ਤੋਂ ਪ੍ਰਕਾਸ਼ ਅਖੰਡ ਪਾਠ ਦੇ ਭੋਗ ਪਾਏ ਗਏ | 42 ਵਰ੍ਹੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਉੱਪਰ ਹੋਏ ਫ਼ੌਜੀ ਹਮਲੇ ਦੌਰਾਨ ਸ਼ਹੀਦੀ ਪਾਉਣ ਵਾਲੇ ਸਿੰਘਾਂ, ਸਿੰਘਣੀਆਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ | ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਯੋਗ ਅਗਵਾਈ ਹੇਠ ਮੈਨੇਜਰ ਅਮਰੀਕ ਸਿੰਘ ਦਿਓਲ ਦੀ ਦੇਖ-ਰੇਖ ਹੇਠ ਇਸ ਸਮਾਗਮ ਵਿਚ ਇਲਾਕੇ ਭਰ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀ ਭਰੀ | ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਸਮੇਤ ਗੁਰਬਾਣੀ ਕੀਰਤਨ ਹੋਇਆ | ਇਸ ਮੌਕੇ ਇਲਾਕੇ ਦੇ ਪੰਚ-ਸਰਪੰਚ, ਧਾਰਮਿਕ ਖੇਤਰ ਦੀਆਂ ਸ਼ਖ਼ਸੀਅਤਾਂ ਤੇ ਹੋਰ ਪਤਵੰਤੇ ਵੀ ਹਾਜ਼ਰ ਹੋਏ |