* ਇਸ ਸਕੂਲ ‘ਚ ਨਾਮਵਰ ਸ਼ਖ਼ਸੀਅਤਾਂ ਨੇ ਵਿੱਦਿਆ ਪ੍ਰਾਪਤ ਕੀਤੀ-ਸਰਪੰਚ ਗੁੱਜਰਵਾਲ
* ਸਕੂਲ ਦੀ ਇਮਾਰਤ ਨੂੰ ਅਸੁਰੱਖਿਅਤ ਐਲਾਨ ਕੇ ਲਗਾਏ ਗਏ ਹਨ ਤਾਲੇ
ਜੋਧਾਂ, 19 ਜੂਨ (ਗੁਰਵਿੰਦਰ ਸਿੰਘ ਹੈਪੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਗੁੱਜਰਵਾਲ ਵਿਖੇ ਅੰਗਰੇਜ਼ ਸਾਮਰਾਜ ਵੇਲੇ ਦੇ ਸਰਕਾਰੀ ਸਕੂਲ ਦੇ ਵੀ ਚਰਚੇ ਦੇਸ਼ਾਂ ਵਿਦੇਸ਼ਾਂ ਵਿੱਚ ਰਹੇ ਹਨ। ਪੰਜਾਬ ਦਾ ਇਹ ਪੁਰਾਤਨ ਸਕੂਲ ਜੋ ਕਿ 1857 ਤੋਂ ਇਲਾਕੇ ਦੇ ਲੋਕਾਂ ਨੂੰ ਵਿੱਦਿਆ ਪ੍ਰਦਾਨ ਕਰ ਰਿਹਾ ਹੈ। ਅੰਗਰੇਜ਼ਾਂ ਵੇਲੇ ਦੇ ਬਣੇ ਇਸ ਸਕੂਲ ਦੀ ਇਮਾਰਤ ਨੂੰ ਸਿੱਖਿਆ ਵਿਭਾਗ ਵਲੋਂ ਅਸੁਰੱਖਿਅਤ ਐਲਾਨ ਕੇ ਜਿੰਦੇ ਲਗਾ ਕੇ ਬੰਦ ਕੀਤਾ ਗਿਆ ਹੈ। ਇਸ ਸਕੂਲ ਅੰਦਰ ਬਣਿਆ ਸਾਂਝੇ ਭਾਰਤ ਦਾ ਨਕਸ਼ਾ ਵੀ ਅੰਗਰੇਜ਼ਾਂ ਸਮੇਂ ਬਣੀ ਸਕੂਲ ਬਿਲਡਿੰਗ ਦੀ ਹਾਮੀ ਭਰਦਾ ਹੈ । ਕਿਸੇ ਸਮੇਂ ਗੁੱਜਰਵਾਲ ਦੇ ਇਸ ਸਕੂਲ ‘ਚ ਲਾਗਲੇ ਦਸਾਂ-ਪੰਦਰਾਂ ਪਿੰਡਾਂ ਦੇ ਵਿਦਿਆਰਥੀ ਪੜ੍ਹਨ ਲਈ ਆਉਂਦੇ ਸਨ। ਜ਼ਿਕਰਯੋਗ ਹੈ ਕਿ ਇਸ ਸਕੂਲ ‘ਚੋਂ ਮਹਾਨ ਦੇਸ਼ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ, ਸਾਬਕਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਤੇ ਖੇਡ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਵਿੱਦਿਆ ਪ੍ਰਾਪਤ ਕਰਕੇ ਜ਼ਿੰਦਗੀ ‘ਚ ਵੱਡੇ ਮੁਕਾਮ ਹਾਸਿਲ ਕੀਤੇ ਹਨ । ਪਰ ਹੁਣ ਵਿੱਦਿਆ ਦਾ ਚਾਨਣ ਮੁਨਾਰਾ ਪਿੰਡ ਗੁੱਜਰਵਾਲ ਦਾ ਇਹ ਸੀਨੀਅਰ ਸੈਕੰਡਰੀ ਸਕੂਲ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਣ ਕਾਰਨ ਆਪਣੀ ਇਤਿਹਾਸਕ ਵਿਰਾਸਤ ਗਵਾਉਣ ਦੀ ਕਗਾਰ ‘ਤੇ ਹੈ। ਇਸ ਮੌਕੇ ਇਸ ਸਕੂਲ ਨੂੰ ਤਾਲਾ ਲੱਗ ਗਿਆ ਹੈ ਕਿਉਂਕਿ ਸਬੰਧਿਤ ਵਿਭਾਗ ਨੇ ਇਸ ਨੂੰ ਪਿਛਲੇ ਸਮੇਂ ਅਸੁਰੱਖਿਅਤ ਐਲਾਨਿਆ ਹੈ। ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਵਿਸ਼ੇਸ਼ ਤੌਰ ‘ਤੇ ਇਸ ਇਤਿਹਾਸਕ ਅਤੇ ਪੁਰਾਤਨ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਪੰਜਾਬ ਦੇ ਇਸ ਨਾਮਵਰ ਸਕੂਲ ਦੀ ਸਰਕਾਰ ਵਲੋਂ ਕੀਤੀ ਜਾ ਰਹੀ ਬੇਰੁਖ਼ੀ ਦੇਖ ਕੇ ਮਨ ਨੂੰ ਦੁੱਖ ਪਹੁੰਚਿਆ ਹੈ। ਇਹ ਉਹੀ ਸਕੂਲ ਹੈ ਜਿੱਥੋਂ ਸਾਡੀਆਂ ਮਹਾਨ ਸ਼ਖ਼ਸੀਅਤਾਂ ਨੇ ਉਚ ਵਿੱਦਿਆ ਪ੍ਰਾਪਤ ਕਰਕੇ ਇਸ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਯਾਲੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਲਾਕੇ ਦੇ ਇਸ ਨਾਮਵਰ ਸਕੂਲ ਦਾ ਨਵੀਂਨੀਕਰਨ ਮੁਕੰਮਲ ਕਰਕੇ ਇਸ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਿਆ ਜਾਵੇ। ਇਸ ਸਕੂਲ ਦੀ ਆਲੀਸ਼ਾਨ ਇਮਾਰਤ ਵਰਗੀ ਦਿੱਖ ਹੋਰ ਕਿਸੇ ਵੀ ਵਿੱਦਿਅਕ ਸੰਸਥਾ ਦੀ ਨਹੀਂ, ਇਸ ਲਈ ਪੰਜਾਬ ਸਰਕਾਰ ਇਸ ਪੁਰਾਤਨ ਇਤਿਹਾਸਕ ਸਕੂਲ ਦਾ ਨਵੀਂਨੀਕਰਨ ਕਰਕੇ ਇਸ ਦੀ ਦਿੱਖ ਬਰਕਰਾਰ ਰੱਖੇ। ਵਿਧਾਇਕ ਇਯਾਲੀ ਨੇ ਅੱਗੇ ਕਿਹਾ ਕਿ ਅਸੀਂ ਆਪਣੇ ਤੌਰ ‘ਤੇ ਵੀ ਇਸ ਸਕੂਲ ਦੇ ਨਵੀਨੀਕਰਨ ‘ਚ ਸਹਿਯੋਗ ਕਰਾਂਗੇ। ਗੁੱਜਰਵਾਲ ਦੇ ਸਰਪੰਚ ਹਰਦੀਪ ਸਿੰਘ ਨੇ ਕਿਹਾ ਕਿ ਇਸ ਸਕੂਲ ਦੀ ਇਮਾਰਤ ਪਿਛਲੇ ਕਈ ਸਾਲਾਂ ਤੋਂ ਸਾਂਭ ਸੰਭਾਲ ਪੱਖੋਂ ਡਿੱਗੂ ਡਿੱਗੂ ਕਰ ਰਹੀ ਹੈ ਪਰ ਇਸ ਦੀ ਹਾਲਤ ਸੁਧਾਰਨ ਵੱਲ ਸਰਕਾਰ ਨੇ ਸੰਜੀਦਗੀ ਨਹੀਂ ਦਿਖਾਈ। ਪੂਰੇ ਇਲਾਕੇ ‘ਚ ਵਿੱਦਿਆ ਦਾ ਚਾਨਣ ਵੰਡਣ ਵਾਲੇ ਇਸ ਪੁਰਾਤਨ ਸਕੂਲ ਦੀ ਬਿਲਡਿੰਗ ਨੂੰ ਅਸੁਰੱਖਿਅਤ ਘੋਸ਼ਿਤ ਕਰਕੇ ਅਤੇ ਜਿੰਦੇ ਲਗਾ ਕੇ ਸਰਕਾਰ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਸਮਝੀਂ ਜਾ ਰਹੀ ਹੈ। ਇਸ ਮੌਕੇ ਜਥੇਦਾਰ ਜਗਤਾਰ ਸਿੰਘ ਲਤਾਲਾ, ਪ੍ਰਿੰਸੀਪਲ ਬਲਵਿੰਦਰ ਸਿੰਘ, ਅਮਨਦੀਪ ਸਿੰਘ �ਲਖ, ਗੁਰਵਿੰਦਰ ਸਿੰਘ ਸੰਮਤੀ ਮੈਂਬਰ, ਹਰਸਿਮਰਨ ਸਿੰਘ ਗਰੇਵਾਲ, ਮਨਜੀਤ ਸਿੰਘ ਮਾਣਾ, ਬਲਵੀਰ ਸਿੰਘ, ਪ੍ਰਧਾਨ ਦਿਆਲ ਸਿੰਘ, ਪੰਚ ਪ੍ਰਦੀਪ ਸਿੰਘ ਸਰਾਭਾ, ਹਰਜੀਤ ਸਿੰਘ ਧਾਲੀਵਾਲ, ਬਲਜੀਤ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਹੈਪੀ, ਅਤਿੰਦਰ ਪਾਲ ਸਿੰਘ, ਗੋਗੀ ਕੁਲਾਰ, ਮਾ ਹਰਜੋਤ ਸਿੰਘ ਪੈਰੀ ਗਰੇਵਾਲ, ਜਗਦੇਵ ਸਿੰਘ ਗਰੇਵਾਲ ਆਦਿ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਸਕੂਲ ਦਾ ਨਵੀਂਨੀਕਰਨ ਕਰਕੇ ਸਕੂਲ ਦੀ ਉਹੀ ਦਿੱਖ ਰੱਖੀ ਜਾਵੇ ਤਾਂ ਜੋ ਇਸ ਸਕੂਲ ਦੀ ਪੁਰਾਤਨ ਦਿੱਖ ਬਰਕਰਾਰ ਰਹੇ।