ਪੁੱਲ ਦੇ ਟੁੱਟੇ ਹਿੱਸੇ ਨੂੰ ਬਣਾਉਣ ਲਈ ਨਿਰਮਾਣ ਕਾਰਜ ਜੰਗੀਂ ਪੱਧਰ ’ਤੇ ਸ਼ੁਰੂ ਕਰਵਾਇਆ
ਰਾਏਕੋਟ, 21 ਜੂਨ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਧੂਰੀ ਰੋਡ ‘ਤੇ ਸਥਿਤ ਰਜਵਾਹੇ ਦਾ ਗੈਬੀ ਪੁਲ ਪਿਛਲੇ ਲੰਮੇ ਸਮੇਂ ਤੋਂ ਹੋ ਰਹੀ ਲੀਕੇਜ਼ ਕਾਰਨ 17 ਜੂਨ ਨੂੰ ਸਵੇਰੇ ਸਮੇਂ ਅਚਾਨਕ ਟੁੱਟ ਗਿਆ ਸੀ, ਜਿਸ ਕਾਰਨ ਆਸ-ਪਾਸ ਦੇ ਖੇਤਾਂ ਵਾਲੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਸੀ। ਜਿਸ ਹਾਦਸੇ ਤੋਂ ਬਾਅਦ ਸਿੰਚਾਈ ਵਿਭਾਗ ਪੰਜਾਬ ਕੁੰਭਕਰਨੀ ਨੀਂਦ ਤੋਂ ਜਾਗਿਆ ਅਤੇ ਟੁੱਟੇ ਗੈਬੀ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਨੰਬਰਦਾਰ ਬਾਵਾ ਸਿੰਘ ਗਿੱਲ ਤੇ ਹੋਰਨਾਂ ਕਿਸਾਨਾਂ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ‘ਆਪ’ ਸਰਕਾਰ ਦੇ ਵਿਭਾਗੀ ਕੰਮ ਅਣਗਹਿਲੀਆਂ ਭਰੇ ਹਨ, ਜਿਸ ਕਰਕੇ ਰੋਜ਼ਾਨਾ ਅਜਿਹੇ ਹਾਦਸੇ ਵਾਪਰਨਾ ਆਮ ਗੱਲ ਬਣ ਚੁੱਕੀ ਹੈ।ਜਿਸ ਨਾਲ ਆਮ ਲੋਕਾਂ ਦਾ ਵੱਡੀ ਪੱਧਰ ‘ਤੇ ਨੁਕਸਾਨ ਹੋ ਜਾਂਦਾ ਹੈ ਅਤੇ ਜਿਸ ਦਾ ਨਾ ਹੀ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲਦਾ ਹੈ, ਸਗੋਂ ਇੰਨ੍ਹਾਂ ਹਾਦਸਿਆਂ ਕਰਕੇ ਲੋਕਾਂ ਉੱਪਰ ਵੱਡਾ ਆਰਥਿਕ ਬੋਝ ਪੈਂਦਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਬਰਸਾਤੀ ਮੌਸਮ ਦੌਰਾਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸਰਕਾਰ ਦੇ ਵਿਭਾਗਾਂ ਦੀਆਂ ਅਣਗਹਿਲੀਆਂ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨਾਲ ਫ਼ਸਲਾਂ ਤੇ ਆਮ ਜਨਜੀਵਨ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਸੀ। ਜਿਸ ਤੋਂ ਸੂਬਾ ਸਰਕਾਰ ਨੂੰ ਸੇਧ ਲੈ ਕੇ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦੇ ਕੇ ਪ੍ਰਬੰਧ ਮੁਕੰਮਲ ਰੱਖਣ ਲਈ ਆਖਿਆ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਕੋਈ ਨੁਕਸਾਨ ਨਾ ਝੱਲਣਾ ਪਵੇ।
-ਮਾਮਲਾ ਰਾਏਕੋਟ ਦੇ ਗੈਬੀ ਪੁਲ ਦੇ ਵਾਪਰੇ ਹਾਦਸੇ ਦਾ- ਕਿਸਾਨਾਂ ਦੇ ਹੋਏ ਨੁਕਸਾਨ ਤੋਂ ਬਾਅਦ ਸਿੰਚਾਈ ਵਿਭਾਗ ਕੁੰਭਕਰਨੀ ਨੀਂਦ ਤੋਂ ਜਾਗਿਆ
ਅਜੀਤ ਡੈਸਕ
22-06-2026