ਮੁੱਲਾਂਪੁਰ-ਦਾਖਾ, 22 ਜੂਨ (ਨਿਰਮਲ ਸਿੰਘ ਧਾਲੀਵਾਲ)- ਇਕ ਜੁਲਾਈ ਨੂੰ ਹਰ ਮਹਿਲਾ ਦੇ ਖ਼ਾਤੇ ਤਿੰਨ ਮਹੀਨਿਆਂ ਦੀ ਸਨਮਾਨ ਰਾਸ਼ੀ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਨੂੰ ਮਾਵਾਂ-ਧੀਆਂ ਨਾਲ ਕੋਝਾ ਮਜ਼ਾਕ ਦੱਸਦਿਆਂ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਸਵਾਲ ਕੀਤਾ ਕਿ ਤਿੰਨ ਮਹੀਨੇ ਕਿਉਂ ! ਚੋਣ ਵਾਅਦੇ ਅਨੁਸਾਰ ਧੀਆਂ-ਭੈਣਾਂ-ਮਾਵਾਂ ਨੂੰ ਪਿਛਲੇ 51 ਮਹੀਨੇ ਦੀ ਸਨਮਾਨ ਰਾਸ਼ੀ ਦਿੱਤੀ ਜਾਵੇ। ਸਤਿਕਾਰ ਯੋਜਨਾ ਨੂੰ ਨਿਰਾ ਚੋਣ ਸਟੰਟ ਦੱਸਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਸੂਬੇ ਦੇ ਵਿਕਾਸ ਨੂੰ ਛੱਡ ਪੰਜਾਬ ਦੇ ਖ਼ਜ਼ਾਨੇ ‘ਤੇ ਕਰਜ਼ੇ ਦਾ ਬੋਝ ਪਾ ਰਹੀ ਪੰਜਾਬ ਸਰਕਾਰ ਕੋਲ ਅੱਤ ਦੀ ਗਰਮੀ ਦੇ ਦਿਨਾਂ ‘ਚ ਪੰਜਾਬੀਆਂ ਨੂੰ ਦੇਣ ਲਈ ਬਿਜਲੀ ਨਹੀਂ। ਕੈਪਟਨ ਸੰਧੂ ਨੇ ਦੱਸਿਆ ਕਿ ਪੰਜਾਬ ‘ਚ ਥਰਮਲ ਪਲਾਂਟਾਂ ਦੇ ਅੱਧ ਨਾਲੋਂ ਵੱਧ ਯੂਨਿਟ ਬੰਦ ਪਏ ਹਨ, ਦੂਸਰੇ ਪਾਸੇ ਬਿਜਲੀ ਕਾਮੇ ਹੜਤਾਲ ‘ਤੇ ਹੋਣ ਕਾਰਨ ਕੋਈ ਮੁਲਾਜ਼ਮ ਘਰੇਲੂ ਖਪਤ ਮੀਟਰਾਂ ਦੀ ਰੀਡਿੰਗ ਲੈਣ ਵਾਲਾ ਵੀ ਨਹੀਂ। ਬਿਜਲੀ ਮੁਲਾਜ਼ਮ ਲਿਖਤੀ ਭਰੋਸੇ ਤੋਂ ਬਿਨਾਂ ਹੜਤਾਲ ਖਤਮ ਕਰਨ ਨੂੰ ਤਿਆਰ ਨਹੀਂ, ਸਰਕਾਰ ਲਿਖਤੀ ਭਰੋਸਾ ਵੀ ਨਹੀਂ ਦੇ ਰਹੀ। ਕੈਪਟਨ ਸੰਧੂ ਕਿਹਾ ਕਿ ਵਿੱਤੀ ਬੋਝ ਵਿਚ ਘਿਰੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਰਾਜ ‘ਚ ਕਿਸੇ ਪਿੰਡ ਨੂੰ ਸਿੱਧੀ ਕੋਈ ਗ੍ਰਾਂਟ ਨਹੀਂ ਪਹੁੰਚੀ, ਜਿਸ ਨਾਲ ਗ੍ਰਾਮ ਪੰਚਾਇਤਾਂ ਵਿਕਾਸ ਕਰਵਾ ਸਕਣ । ਉਨ੍ਹਾਂ ਕਿਹਾ ਕਿ ਪੰਜਾਬ ਦੇ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਲੋਕ ਸਵਾਲ ਕਰਦੇ ਹਨ, ਪਰ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ। ਪੰਜਾਬ ਦੀਆਂ ਚੋਣਾਂ ਨਵੰਬਰ ‘ਚ ਕੇਜਰੀਵਾਲ ਦੇ ਬਿਆਨ ਵਾਲੇ ਸਵਾਲ ‘ਚ ਕੈਪਟਨ ਸੰਧੂ ਨੇ ਕਿਹਾ ਕਿ ਫਿਰ ਤਾਂ ਭਗਵੰਤ ਮਾਨ ਨੂੰ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਤੁਰੰਤ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹਾ ਕੁਝ ਨਹੀਂ, ਚੋਣਾਂ ਨੂੰ ਲੈ ਕੇ ਐਲਾਨ ਚੋਣ ਕਮਿਸ਼ਨ ਵਲੋਂ ਕੀਤਾ ਜਾਣਾ ਹੁੰਦਾ ਹੈ।