ਹੰਬੜਾਂ, 22 ਜੂਨ (ਮੇਜਰ ਹੰਬੜਾਂ)-ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੁਲਿਸ ਥਾਣਾ ਲਾਡੋਵਾਲ ਦੀ ਪੁਲਿਸ ਚੌਂਕੀ ਹੰਬੜਾਂ ਦੇ ਘੇਰੇ ’ਚ ਲੁਟੇਰਿਆਂ ਦੀ ਦਹਿਸ਼ਤ ਪਾਈ ਜਾ ਰਹੀ ਹੈ ਤੇ ਲੁਟੇਰਿਆਂ ਦੇ ਹੌਸਲੇ ਇਨ੍ਹੇ ਵੱਧ ਚੁੱਕੇ ਹਨ ਕਿ ਉਹ ਆਏ ਦਿਨ ਲੁੱਟ ਦੀ ਘਟਨਾ ਨੂੰ ਅੰਜ਼ਾਮ ਦੇ ਰਹੇ ਹਨ। ਜਾਣਕਾਰੀ ਅਨੁਸਾਰ ਹੰਬੜਾਂ ਵਿਖੇ ਗਾਂਧੀ ਪੋਲਟਰੀ ਫਾਰਮ ਨਜ਼ਦੀਕ ਇੱਕ ਮਜ਼ਦੂਰ ਨੂੰ ਤਿੰਨ ਲਟੇਰਿਆਂ ਦੇ ਰੋਹ ਵਲੋਂ ਘੇਰ ਕੇ ਤੇਜ਼-ਤਰਾਰ ਹਥਿਆਰ (ਦਾਹ) ਦੇ ਜ਼ੋਰ ’ਤੇ ਉਸ ਪਾਸੋਂ ਤਿੰਨ ਹਜ਼ਾਰ ਰੁਪਏ ਨਕਦੀ ਤੇ ਉਸ ਦੀ ਟੱਚ ਮੋਬਾਈਲ ਫੋਨ ਲੁੱਟ ਲਿਆ। ਪੁਲਿਸ ਪਾਸ ਲਿਖਵਾਈ ਰਿਪੋਰਟ ਵਿਚ ਲੁੱਟ ਦਾ ਸ਼ਿਕਾਰ ਹੋਏ ਜੋਗਿੰਦਰ ਸ਼ਰਮਾ ਨੇ ਦੱਸਿਆ ਕਿ ਉਸ ਦਾ ਵੀਵੋ ਦਾ ਮਹਿੰਗੇ ਮੁੱਲ ਦਾ ਟੱਚ ਫੋਨ ਤੇ ਤਿੰਨ ਹਜ਼ਾਰ ਰੁਪਏ ਲੁੱਟ ਲਏ ਗਏ ਹਨ ਤੇ ਉਕਤ ਲੁਟੇਰੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ ਤੇ ਉਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਤੇ ਹੱਥਾਂ ਵਿਚ ਉਨ੍ਹਾਂ ਦੇ ਦਾਤ ਫੜੇ ਹੋਏ ਸਨ। ਦੁੱਧ ਉਤਪਾਦਕ ਸਭ ਹੰਬੜਾਂ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਫੈਕਟਰੀਆਂ ਅੰਦਰ ਕੰਮ ਕਰਦੇ ਮਜ਼ਦੂਰ ਆਏ ਦਿਨ ਲੁੱਟ-ਖੋਹ ਦਾ ਸ਼ਿਕਾਰ ਹੋ ਰਹੇ ਹਨ, ਜਦੋਂ ਕਿ ਹੰਬੜਾਂ ਵਿਖੇ ਪੁਲਿਸ ਚੌਕੀ ਬਣੀ ਹੋਈ ਹੈ ਤੇ ਪੀ.ਸੀ.ਆਰ ਦਸਤਾ ਮੌਜੂਦ ਰਹਿੰਦਾ ਹੈ, ਪਰ ਫਿਰ ਵੀ ਲੁਟੇਰੇ ਆਏ ਦਿਨ ਲੁੱਟ ਖੋਹ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਲੋਕਾਂ ਨੂੰ ਇਨ੍ਹਾਂ ਲਟੇਰਾ ਗਿਰੋਹ ਤੋਂ ਬਚਾਏ ਜਾਣ ਲਈ ਪੁਲਿਸ ਗਸ਼ਤ ਨੂੰ ਤੇਜ਼ ਕੀਤਾ ਜਾਵੇ।