ਕੁਹਾੜਾ,5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਅਧਿਆਪਕਾਂ ਨੂੰ ਗੈਰ ਵਿੱਦਿਅਕ ਡਿਊਟੀਆਂ ਤੋਂ ਛੁਟਕਾਰਾ ਦਿਵਾਉਣ ਦੇ ਵਾਅਦੇ ਕਰ ਕੇ ਸੱਤਾ ਵਿਚ ਆਈ ਆਪ ਪਾਰਟੀ ਵਲੋਂ ਕੀਤੇ ਜਾਂਦੇ ਵਾਅਦਿਆਂ ਅਤੇ ਅਸਲੀਅਤ ਵਿਚ ਕੋਹਾਂ ਦਾ ਫ਼ਰਕ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਰੁਪਿੰਦਰਪਾਲ ਸਿੰਘ ਗਿੱਲ ਜੰਡਿਆਲੀ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਐੱਸ. ਆਈ. ਆਰ., ਬੀ. ਐੱਲ. ਓ. ਅਤੇ ਡਰੱਗ ਅਤੇ ਸੋਸੀਓ ਇਕਨਾਮਿਕ ਜਨਗਣਨਾ ਵਿਚ ਡਿਊਟੀ ਲਗਾ ਕੇ ਸਕੂਲ ਅਧਿਆਪਕਾਂ ਤੋਂ ਸੱਖਣੇ ਕਰ ਦਿੱਤੇ ਗਏ ਹਨ। ਯੂਨੀਅਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ 607 ਅਧਿਆਪਕਾਂ ਦੀ ਡਰੱਗ ਜਨਗਣਨਾ ਵਿਚ ਡਿਊਟੀ ਲਗਾਉਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰੀ ਪੱਤਰ ਅਨੁਸਾਰ ਡਿਊਟੀ ਸਵੈ ਇੱਛਾ ਆਧਾਰਤ ਹੈ, ਪਰ ਪ੍ਰਸ਼ਾਸਨ ਵਲੋਂ ਡਿਊਟੀਆਂ ਜਬਰੀ ਲਗਾਈਆਂ ਜਾ ਰਹੀਆਂ ਹਨ।ਇਸ ਸਬੰਧੀ ਡੀ. ਟੀ. ਐੱਫ. ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮਿਲ ਕੇ ਡਿਊਟੀ ਨੂੰ ਸਵੈ ਇੱਛਾ ਅਨੁਸਾਰ ਲਗਾਉਣ ਲਈ ਮੰਗ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਡੈਮੋਕ੍ਰੇਟਿਕਟੀਚਰਜ਼ ਫ਼ਰੰਟ ਜ਼ਿਲ੍ਹਾ ਲੁਧਿਆਣਾ ਮੰਗ ਕਰਦੀ ਹੈ ਕਿ ਡਰੱਗ ਜਨਗਣਨਾ ਦੀ ਡਿਊਟੀ ਸਵੈ ਇੱਛਾ ਆਧਾਰ ‘ਤੇ ਲਗਵਾਈ ਜਾਵੇ, ਅਧਿਆਪਕਾਂ ਨੂੰ ਗੈਰ ਵਿੱਦਿਅਕ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ, ਸੀ. ਐੱਸ. ਆਰ. ਰੂਲਜ਼ ਅਧੀਨ ਜ਼ਰੂਰੀ ਡਿਊਟੀਆਂ ਵੋਟਾਂ, ਜਨ ਸੰਖਿਆ ਜਨਗਣਨਾ, ਅਪਾਤਕਲੀਨ ਡਿਊਟੀਆਂ ਵੱਖ-ਵੱਖ ਵਿਭਾਗਾਂ ਵਿਚੋਂ ਅਨੁਪਾਤ ਅਨੁਸਾਰ ਲਗਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਤੋਂ ਜਬਰੀ ਡਿਊਟੀ ਕਰਵਾਉਣ ਦੀ ਜ਼ਿੱਦ ਨਾ ਛੱਡੀ ਤਾਂ ਯੂਨੀਅਨ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।