ਭੂੰਦੜੀ, 12 ਜੁਲਾਈ (ਕੁਲਦੀਪ ਸਿੰਘ ਮਾਨ) – ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਿਤ ਕਰਨ ਅਤੇ ਗਿਆਨ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਾਬਕਾ ਏ.ਡੀ.ਸੀ. ਤੇ ਉੱਘੇ ਸਾਹਿਤਕਾਰ ਜਸਪਾਲ ਸਿੰਘ ਗਿੱਲ ਵਲੋਂ ਭੂੰਦੜੀ ਦੀ ਲਾਇਬ੍ਰੇਰੀ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕੀਮਤੀ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਉਪਰਾਲੇ ਦੀ ਹਾਜ਼ਰ ਪਤਵੰਤਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਡਾ. ਸੁਖਦੇਵ ਸਿੰਘ ਭੂੰਦੜੀ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਸੱਚੀਆਂ ਸਾਥੀ ਹਨ। ਇਹ ਨਾ ਸਿਰਫ਼ ਗਿਆਨ ਵਿਚ ਵਾਧਾ ਕਰਦੀਆਂ ਹਨ, ਸਗੋਂ ਚੰਗੀ ਸੋਚ, ਉੱਚੇ ਸੰਸਕਾਰ ਅਤੇ ਜੀਵਨ ਨੂੰ ਸਹੀ ਦਿਸ਼ਾ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਦੇ ਨਾਲ-ਨਾਲ ਪੁਸਤਕਾਂ ਪੜ੍ਹਨ ਦੀ ਆਦਤ ਵੀ ਅਪਣਾਉਣੀ ਚਾਹੀਦੀ ਹੈ। ਪੜ੍ਹਨ ਦੀ ਸੰਸਕ੍ਰਿਤੀ ਨੂੰ ਪ੍ਰਫੁੱਲਿਤ ਕਰਨ ਵਿਚ ਲਾਇਬ੍ਰੇਰੀਆਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਹੈ। ਸਾਬਕਾ ਏ.ਡੀ.ਸੀ. ਜਸਪਾਲ ਸਿੰਘ ਗਿੱਲ ਨੇ ਕਿਹਾ ਕਿ ਪੁਸਤਕ ਦਾਨ ਇੱਕ ਅਜਿਹਾ ਦਾਨ ਹੈ, ਜਿਸ ਦਾ ਲਾਭ ਲੰਬੇ ਸਮੇਂ ਤੱਕ ਅਨੇਕਾਂ ਪਾਠਕਾਂ ਨੂੰ ਮਿਲਦਾ ਰਹਿੰਦਾ ਹੈ। ਇਕ ਕਿਤਾਬ ਸੈਂਕੜੇ ਲੋਕਾਂ ਤੱਕ ਗਿਆਨ ਦੀ ਰੌਸ਼ਨੀ ਪਹੁੰਚਾਉਂਦੀ ਹੈ ਅਤੇ ਸਮਾਜ ਵਿੱਚ ਜਾਗਰੂਕਤਾ ਦਾ ਸੰਦੇਸ਼ ਫੈਲਾਉਂਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦਿਆਰਥੀ, ਨੌਜਵਾਨ ਅਤੇ ਹੋਰ ਪਾਠਕ ਇਨ੍ਹਾਂ ਪੁਸਤਕਾਂ ਤੋਂ ਵੱਧ ਤੋਂ ਵੱਧ ਲਾਭ ਉਠਾਉਣਗੇ। ਇਸ ਮੌਕੇ ਲਾਇਬ੍ਰੇਰੀ ਪ੍ਰਬੰਧਕਾਂ ਨੇ ਜਸਪਾਲ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਭੇਟ ਕੀਤੀਆਂ ਪੁਸਤਕਾਂ ਲਾਇਬ੍ਰੇਰੀ ਦੇ ਗਿਆਨ-ਭੰਡਾਰ ਨੂੰ ਹੋਰ ਸਮ੍ਰਿੱਧ ਕਰਨਗੀਆਂ। ਇਸ ਮੌਕੇ ਮਾਸਟਰ ਹਰਜਿੰਦਰ ਸਿੰਘ ਸੋਨੀ ਨੇ ਵੀ ਲਾਇਬ੍ਰੇਰੀ ਨੂੰ ਪੁਸਤਕਾਂ ਭੇਟ ਕਰਕੇ ਇਸ ਨੇਕ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਪ੍ਰਧਾਨ ਹਰਦੀਪ ਸਿੰਘ ਧਾਦਰਾਂ, ਮਾ. ਹਰਜਿੰਦਰ ਸਿੰਘ ਸੋਨੀ, ਅਮਨਦੀਪ ਸਿੰਘ ਪ੍ਰਤਾਪਪੁਰਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਸੂਬੇਦਾਰ ਕਾਲਾ ਸਿੰਘ, ਗੁਰਪ੍ਰੀਤ ਸਿੰਘ ਧਾਦਰਾਂ, ਸਿਕੰਦਰ ਸਿੰਘ, ਮਨਜਿੰਦਰ ਸਿੰਘ ਮੋਨੀ, ਛਿੰਦਰਪਾਲ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।