ਗੁਰੂਸਰ ਸੁਧਾਰ, 19 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੀ ਅਹਿਮ ਮੀਟਿੰਗ ਪਿੰਡ ਬੁਢੇਲ (ਭੋਰਾ ਸਾਹਿਬ) ਵਿਖੇ ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਕਿਸਾਨ ਮੋਰਚਿਆਂ ਦੀਆਂ 75 ਕਿਸਾਨ ਜਥੇਬੰਦੀਆਂ ਦੇ ਆਧਾਰ ‘ਤੇ ਹੋਂਦ ਵਿਚ ਆਏ ‘ਦੇਸ਼ ਬਚਾਓ’ ਮੋਰਚਾ’ ਦੇ ਸੰਗਰਾਮੀ ਸੱਦੇ ਮੁਤਾਬਿਕ 21 ਜੁਲਾਈ ਦੀ ਦਿੱਲੀ ਮਹਾਂ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਕੇ ਅੰਤਿਮ ਛੋਹਾਂ ਦਿੱਤੀਆਂ ਗਈਆਂ ਅਤੇ ਵੱਖ-ਵੱਖ ਮਤੇ ਪਾਸ ਕੀਤੇ ਗਏ । ਪਹਿਲੇ ਮਤੇ ਰਾਹੀਂ ਖੇਤੀ, ਡੇਅਰੀ ਤੇ ਪੋਲਟਰੀ ਸਮੇਤ ਦੇਸ਼ ਦੇ ਸਮੁੱਚੇ ਆਰਥਿਕ ਤੇ ਵਪਾਰਕ ਖੇਤਰਾਂ ਨੂੰ ਬੁਰੀ ਤਰ੍ਹਾਂ ਤਬਾਹ ਕਰਨ ਵਾਲੇ ਦੇਸ਼ ਮਾਰੂ ਭਾਰਤ-ਅਮਰੀਕਾ ਟਰੇਡ ਡੀਲ ’ਤੇ ਕੇਂਦਰ ਦੀ ਲੋਕ ਤੇ ਦੇਸ਼ ਵਿਰੋਧੀ ਕੇਂਦਰੀ ਹਕੂਮਤ ਵਲੋਂ ਅਗਲੇ ਹਫ਼ਤੇ ਕੀਤੇ ਜਾ ਰਹੇ ਸਮਝੌਤੇ ਨੂੰ ਖੇਤੀ ਲਈ ਘਾਤਕ ਕਰਾਰ ਦਿੱਤਾ ਗਿਆ ਤੇ ਇਸ ਨਾਜ਼ੁਕ ਮੁੱਦੇ ਨੂੰ ਲੈ ਕੇ 21 ਜੁਲਾਈ ਨੂੰ ਕਿਸਾਨ ਘਾਟ ਦਿੱਲੀ ਵਿਖੇ ਲੱਖਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਸ਼ਮੂਲੀਅਤ ਵਾਲੀ ਮਹਾਂ ਰੈਲੀ ਵਿਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਵੱਧ ਚੜ੍ਹਕੇ ਕਾਫ਼ਲੇ ਲਿਜਾਣ ਦਾ ਐਲਾਨ ਕੀਤਾ। ਦੂਜੇ ਮਤੇ ਰਾਹੀਂ ਮਨੁੱਖੀ ਅਧਿਕਾਰਾਂ ਦੇ ਮਹਾਨ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਨੌਜਵਾਨਾਂ ‘ਤੇ ਜਬਰ ਤਸ਼ੱਦਦ ਦੀ ਤਸਵੀਰ ਪੇਸ਼ ਕਰਦੀ ‘ਸਤਲੁਜ’ ਫ਼ਿਲਮ ਤੇ ਲਾਈ ਪਾਬੰਦੀ ਫੌਰੀ ਰੱਦ ਕਰਨ ਦੀ ਮੰਗ ਕੀਤੀ ਗਈ। ਤੀਜੇ ਮਤੇ ਵਿਚ ਪੱਬੀਆਂ ਪਿੰਡ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਦੀ ਅਵਾਰਾ ਕੁੱਤਿਆਂ ਵਲੋਂ ਕੀਤੀ ਦਰਦਨਾਕ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਦਹਿਸ਼ਤ ਦਾ ਕਾਰਨ ਬਣੇ ਅਵਾਰਾ ਕੁੱਤਿਆਂ ਨੂੰ ਫੌਰੀ ਤੌਰ ‘ਤੇ ਕਾਬੂ ਕਰਕੇ ਢੁਕਵਾਂ ਹੱਲ ਕੀਤਾ ਜਾਵੇ। ਅੱਜ ਦੀ ਮੀਟਿੰਗ ’ਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਜਸਵੰਤ ਸਿੰਘ ਮਾਨ, ਜਥੇਦਾਰ ਗੁਰਮੇਲ ਸਿੰਘ ਢੱਟ, ਰਣਜੀਤ ਸਿੰਘ ਗੁੜੇ, ਸੋਹਣ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ, ਨਿਰਭੈ ਸਿੰਘ ਤਲਵੰਡੀ, ਲਛਮਣ ਸਿੰਘ ਸਿੱਧਵਾਂ, ਅਮਰਜੀਤ ਸਿੰਘ ਖੰਜਰਵਾਲ, ਪ੍ਰਿਤਪਾਲ ਸਿੰਘ ਪੰਡੋਰੀ, ਗੁਰਦੇਵ ਸਿੰਘ ਢੱਟ, ਸਰਵਿੰਦਰ ਸਿੰਘ ਸੁਧਾਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।