02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਦਿਨ ਦਿਹਾੜੇ ਚੋਪੜਾ ਹਸਪਤਾਲ ’ਚ ਫ਼ਿਲਮੀ ਅੰਦਾਜ਼ ’ਚ ਡਕੈਤੀ

Ad Position 21
No active advertisement
ਅਜੀਤ ਡੈਸਕ 24-07-2026

ਜਗਰਾਉਂ, 23 ਜੁਲਾਈ (ਗੁਰਦੀਪ ਸਿੰਘ ਮਲਕ)-ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਵੀਰਵਾਰ ਸਵੇਰੇ ਉਸ ਸਮੇਂ ਵੱਡੀ ਚੁਣੌਤੀ ਮਿਲੀ, ਜਦੋਂ ਅੱਡਾ ਰਾਏਕੋਟ ਨੇੜੇ ਸਥਿਤ ਚੋਪੜਾ ਆਯੂਰਵੈਦਿਕ ਸੈਂਟਰ ਅਤੇ ਹਸਪਤਾਲ ਵਿੱਚ ਮਰੀਜ਼ ਬਣ ਕੇ ਪਹੁੰਚੇ ਸੱਤ ਮੈਂਬਰੀ ਗਿਰੋਹ ਨੇ ਕੁਝ ਹੀ ਮਿੰਟਾਂ ਵਿੱਚ ਦਿਨ ਦਿਹਾੜੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਮੁਲਜ਼ਮਾਂ ਵਿੱਚ ਇਕ ਔਰਤ ਵੀ ਸ਼ਾਮਿਲ ਸੀ। ਹਥਿਆਰਬੰਦ ਬਦਮਾਸ਼ਾਂ ਨੇ 75 ਸਾਲਾ ਆਯੂਰਵੈਦਿਕ ਡਾਕਟਰ ਡਾ. ਵਿਜੈ ਚੋਪੜਾ ਨੂੰ ਪਿਸਤੌਲ ਦੀ ਨੋਕ ‘ਤੇ ਬੰਧਕ ਬਣਾ ਕੇ ਹਸਪਤਾਲ ਦੇ ਗੱਲੇ ਵਿੱਚੋਂ ਕਰੀਬ 1.50 ਲੱਖ ਰੁਪਏ, ਡਾਕਟਰ ਦੀ ਜੇਬ ਵਿੱਚੋਂ 40 ਹਜ਼ਾਰ ਰੁਪਏ, ਸੋਨੇ ਦੀ ਅੰਗੂਠੀ ਅਤੇ ਮੋਬਾਈਲ ਫੋਨ ਲੁੱਟ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣਾ ਮੋਟਰਸਾਈਕਲ ਹਸਪਤਾਲ ਦੇ ਬਾਹਰ ਹੀ ਛੱਡ ਕੇ ਰਾਏਕੋਟ ਰੋਡ ’ਤੇ ਪਹਿਲਾਂ ਤੋਂ ਖੜ੍ਹੀ ਥਾਰ ਗੱਡੀ ਵਿੱਚ ਬੈਠ ਕੇ ਫਰਾਰ ਹੋ ਗਏ। ਇਸ ਪੂਰੀ ਘਟਨਾ ਦੀ ਸਭ ਤੋਂ ਵੱਡੀ ਗੱਲ ਲੁੱਟ ਨਹੀਂ, ਸਗੋਂ 75 ਸਾਲਾ ਡਾ. ਵਿਜੈ ਚੋਪੜਾ ਦੀ ਬਹਾਦਰੀ ਰਹੀ। ਉਮਰ ਦੇ ਇਸ ਪੜਾਅ ‘ਤੇ ਵੀ ਉਨ੍ਹਾਂ ਨੇ ਹਥਿਆਰਬੰਦ ਲੁਟੇਰਿਆਂ ਅੱਗੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਬਦਮਾਸ਼ਾਂ ਦਾ ਡਟ ਕੇ ਮੁਕਾਬਲਾ ਕੀਤਾ, ਇਕ ਮੁਲਜ਼ਮ ਨੂੰ ਲੱਤ ਮਾਰ ਕੇ ਸੁੱਟ ਦਿੱਤਾ ਅਤੇ ਭੱਜਦੇ ਸਮੇਂ ਉਨ੍ਹਾਂ ਦਾ ਮੋਟਰਸਾਈਕਲ ਵੀ ਫੜ੍ਹ ਲਿਆ। ਇਕ ਸਮੇਂ ਜਦੋਂ ਬਦਮਾਸ਼ਾਂ ਨੇ ਉਨ੍ਹਾਂ ਦੇ ਗਲੇ ਵਿੱਚ ਕੱਪੜਾ ਪਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਨੇ ਆਪਣੀ ਜਾਨ ਦੀ ਬਜਾਏ ਉਨ੍ਹਾਂ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਚਿੰਤਾ ਜਤਾਈ, ਜਿੰਨ੍ਹਾਂ ਦਾ ਇਲਾਜ ਉਨ੍ਹਾਂ ਕੋਲ ਚੱਲਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜਿੰਨੇ ਪੈਸੇ ਚਾਹੀਦੇ ਹਨ ਲੈ ਜਾਓ, ਪਰ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਗੱਲੇ ਦੀਆਂ ਚਾਬੀਆਂ ਮੁਲਜ਼ਮਾਂ ਨੂੰ ਦੇ ਦਿੱਤੀਆਂ। ਡਾ. ਵਿਜੈ ਚੋਪੜਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਇਕ ਨੌਜਵਾਨ ਲਿਵਰ ਦੀ ਦਵਾਈ ਲੈਣ ਦੇ ਬਹਾਨੇ ਹਸਪਤਾਲ ਆਇਆ ਸੀ। ਉਸ ਨੇ ਹੀ ਹਸਪਤਾਲ ਦੀ ਪੂਰੀ ਰੇਕੀ ਕੀਤੀ। ਵੀਰਵਾਰ ਸਵੇਰੇ ਕਰੀਬ 7:15 ਵਜੇ ਉਹੀ ਨੌਜਵਾਨ ਦੁਬਾਰਾ ਗੁਲੂਕੋਜ਼ ਲਗਵਾਉਣ ਦੇ ਬਹਾਨੇ ਆਇਆ। ਡਾਕਟਰ ਨੇ ਉਸ ਨੂੰ ਦਾਖ਼ਲ ਕਰਕੇ ਗਲੂਕੋਜ਼ ਲਗਾਉਣਾ ਸ਼ੁਰੂ ਕੀਤਾ। ਕੁਝ ਸਮੇਂ ਬਾਅਦ ਉਸ ਦੇ ਪੰਜ ਸਾਥੀ ਹਸਪਤਾਲ ਵਿੱਚ ਦਾਖਲ ਹੋ ਗਏ ਅਤੇ ਥੋੜ੍ਹੀ ਦੇਰ ਬਾਅਦ ਇਕ ਔਰਤ ਵੀ ਉੱਥੇ ਪਹੁੰਚ ਗਈ।
ਦੇਖਦੇ ਹੀ ਦੇਖਦੇ ਸਾਰਿਆਂ ਨੇ ਮਿਲ ਕੇ ਡਾਕਟਰ ਨੂੰ ਕਾਬੂ ਕਰ ਲਿਆ ਅਤੇ ਦੂਜੇ ਕਮਰੇ ਵਿੱਚ ਲਿਜਾ ਕੇ ਲੁੱਟਪਾਟ ਸ਼ੁਰੂ ਕਰ ਦਿੱਤੀ। ਡਾ. ਚੋਪੜਾ ਮੁਤਾਬਕ ਇਕ ਮੁਲਜ਼ਮ ਨੇ ਪਿਸਤੌਲ ਕੱਢ ਕੇ ਕਿਹਾ ਕਿ ਜੋ ਕੁਝ ਵੀ ਹੈ ਕੱਢ ਦਿਓ, ਨਹੀਂ ਤਾਂ ਗੋਲੀ ਮਾਰ ਦੇਵਾਂਗੇ। ਬਦਮਾਸ਼ਾਂ ਨੇ ਪਹਿਲਾਂ ਉਨ੍ਹਾਂ ਦੇ ਮੂੰਹ ‘ਤੇ ਟੇਪ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਡਾਕਟਰ ਨੇ ਵਿਰੋਧ ਕਰਦੇ ਹੋਏ ਟੇਪ ਹਟਾ ਦਿੱਤੀ। ਇਸ ਤੋਂ ਬਾਅਦ ਜਦੋਂ ਮੁਲਜ਼ਮ ਉਨ੍ਹਾਂ ਦੇ ਪੈਰ ਬੰਨ੍ਹਣ ਲੱਗੇ ਤਾਂ ਡਾਕਟਰ ਨੇ ਇਕ ਬਦਮਾਸ਼ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਜਦੋਂ ਉਹ ਉਨ੍ਹਾਂ ਨੂੰ ਕਾਬੂ ਨਾ ਕਰ ਸਕੇ ਤਾਂ ਉਨ੍ਹਾਂ ਨੇ ਗਲੇ ਵਿੱਚ ਕੱਪੜਾ ਪਾ ਕੇ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ।
ਡਾਕਟਰ ਨੇ ਕਿਹਾ ਕਿ ਸ਼ਹਿਰ ਦੇ ਕਈ ਲੋੜਵੰਦ ਮਰੀਜ਼ ਉਨ੍ਹਾਂ ‘ਤੇ ਨਿਰਭਰ ਹਨ। ਜੇ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਉਨ੍ਹਾਂ ਮਰੀਜ਼ਾਂ ਦਾ ਇਲਾਜ ਰੁਕ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਬਦਮਾਸ਼ਾਂ ਨੂੰ ਪੈਸੇ ਲੈ ਜਾਣ ਲਈ ਕਿਹਾ। ਡਾ. ਚੋਪੜਾ ਦਾ ਦਾਅਵਾ ਹੈ ਕਿ ਜਿਸ ਪਿਸਤੌਲ ਨਾਲ ਉਨ੍ਹਾਂ ਨੂੰ ਡਰਾਇਆ ਗਿਆ, ਉਸ ਵਿੱਚ ਸਿਰਫ ਇਕ ਹੀ ਗੋਲੀ ਸੀ। ਵਾਰਦਾਤ ਵਿੱਚ ਸ਼ਾਮਿਲ ਔਰਤ ਨੇ ਬੜੀ ਚਲਾਕੀ ਨਾਲ ਆਪਣੀ ਭੂਮਿਕਾ ਨਿਭਾਈ। ਉਹ ਆਪਣੀ ਮਾਂ ਦੇ ਪੈਰਾਂ ਵਿੱਚ ਜ਼ਖਮ ਹੋਣ ਦਾ ਬਹਾਨਾ ਬਣਾਕੇ ਦਵਾਈ ਲੈਣ ਪਹੁੰਚੀ ਸੀ। ਜਦੋਂ ਡਾਕਟਰ ਦਵਾਈ ਕੱਢਣ ਲੱਗੇ ਤਾਂ ਉਹ ਬਾਥਰੂਮ ਜਾਣ ਦਾ ਬਹਾਨਾ ਕਰਕੇ ਬਾਕੀ ਮੁਲਜ਼ਮਾਂ ਕੋਲ ਚਲੀ ਗਈ ਅਤੇ ਇਸ਼ਾਰਾ ਕਰ ਦਿੱਤਾ। ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਡਾਕਟਰ ਨੂੰ ਕਾਬੂ ਕਰ ਲਿਆ।
ਡਾਕਟਰ ਮੁਤਾਬਕ ਗੱਲੇ ਦੀ ਚਾਬੀ ਮਿਲਣ ਤੋਂ ਬਾਅਦ ਉਸੇ ਔਰਤ ਨੇ ਦਫ਼ਤਰ ਦੀ ਦਰਾਜ਼ ਵਿੱਚੋਂ ਕਰੀਬ ਡੇਢ ਲੱਖ ਰੁਪਏ ਕੱਢੇ ਅਤੇ ਮੇਜ਼ ‘ਤੇ ਤੌਲੀਆ ਵਿਛਾ ਕੇ ਸਾਰੀ ਨਕਦੀ ਉਸ ਵਿੱਚ ਬੰਨ੍ਹ ਲਈ। ਲੁੱਟ ਤੋਂ ਬਾਅਦ ਔਰਤ ਅਤੇ ਦੋ ਬਦਮਾਸ਼ ਹਸਪਤਾਲ ਦੇ ਪਿੱਛੇ ਬਣੇ ਡਾਕਟਰ ਦੇ ਘਰ ਵਿੱਚ ਪਹੁੰਚ ਗਏ। ਉਨ੍ਹਾਂ ਨੇ ਡਾਕਟਰ ਦੀ ਪਤਨੀ ਤੋਂ ਪਾਣੀ ਮੰਗਿਆ। ਜਦੋਂ ਉਨ੍ਹਾਂ ਨੇ ਕਿਹਾ ਕਿ ਪਾਣੀ ਹਸਪਤਾਲ ਵਿੱਚ ਹੈ ਤਾਂ ਮੁਲਜ਼ਮ ਜ਼ਬਰਦਸਤੀ ਘਰ ਅੰਦਰ ਦਾਖਲ ਹੋ ਗਏ। ਪਾਣੀ ਲੈਣ ਦੌਰਾਨ ਉਨ੍ਹਾਂ ਨੇ ਡਾਕਟਰ ਦੀ ਪਤਨੀ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਰੌਲਾ ਪਾਉਣ ‘ਤੇ ਘਰ ਦੇ ਦੂਜੇ ਕਮਰੇ ਵਿੱਚ ਮੌਜੂਦ ਡਾਕਟਰ ਦਾ ਪੁੱਤਰ ਬਾਹਰ ਆਇਆ ਅਤੇ ਉਸ ਨੇ ਬਦਮਾਸ਼ਾਂ ‘ਤੇ ਕੁਰਸੀ ਸੁੱਟ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਘਬਰਾ ਕੇ ਉੱਥੋਂ ਭੱਜ ਗਏ। ਇਸ ਤੋਂ ਬਾਅਦ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਡਾਕਟਰ ਦੇ ਬਿਆਨ ਦਰਜ ਕੀਤੇ। ਪੂਰੀ ਵਾਰਦਾਤ ਹਸਪਤਾਲ ਅਤੇ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਡੀ.ਵੀ.ਆਰ. ਕਬਜ਼ੇ ਵਿੱਚ ਲੈ ਕੇ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਦੇ ਨਿਰਦੇਸ਼ਾਂ ‘ਤੇ ਐੱਸ.ਪੀ. (ਡੀ), ਸੀ.ਆਈ.ਏ. ਸਟਾਫ, ਸਾਈਬਰ ਸੈੱਲ ਅਤੇ ਥਾਣਾ ਸਿਟੀ ਦੀਆਂ ਚਾਰ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਨੂੰ ਕਾਫੀ ਹੱਦ ਤੱਕ ਟਰੇਸ ਕਰ ਲਿਆ ਹੈ। ਜ਼ਿਆਦਾਤਰ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦ ਹੀ ਗ੍ਰਿਫਤਾਰੀ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸਰਾਭਾ ’ਚ ਪ੍ਰਵਾਸੀ ਪਰਿਵਾਰ ਦੇ ਬੱਚੇ ਦੀ ਭੇਦਭਰੀ ਹਾਲਤ ’ਚ ਮੌਤ ਅਗਲੀ ਖ਼ਬਰ ਸਰਾਭਾ ’ਚ ਹਾਈਵੇਅ ਲਈ ਜ਼ਮੀਨ ਐਕਵਾਇਰ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਭਾਰੀ ਸੁਰੱਖਿਆ ਬਲ ਸਮੇਤ ਪੁੱਜੇ
Ad Position 24
No active advertisement