ਰਾਏਕੋਟ, 24 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ ਸ਼ਹਿਰ ’ਚ ਚੋਰ ਗਰੋਹ ਦੇ ਹੌਂਸਲੇ ਐਨੇ ਬੁਲੰਦ ਹੋ ਗਏ ਹਨ ਕਿ ਦੁਕਾਨਾਂ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ਨੂੰ ਚੋਰਾਂ ਵਲੋਂ ਸ਼ਰ੍ਹੇਆਮ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਦਿਨੀਂ 22 ਜੁਲਾਈ ਨੂੰ ਸ਼ਾਮ 6:30 ਵਜੇ ਦੇ ਕਰੀਬ ਪ੍ਰੀਤਮ ਰੀਅਲ ਅਸਟੇਟ ਦੇ ਦਫ਼ਤਰ ਸਾਹਮਣੇ ਖੜ੍ਹਾ ਪਲੈਟੀਨਾ ਮੋਟਰਸਾਈਕਲ ਚੋਰੀ ਹੋਣ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਟਰਸਾਈਕਲ ਦੇ ਮਾਲਕ ਅਮਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਜਲਾਲਦੀਵਾਲ ਨੇ ਦੱਸਿਆ ਕਿ 22 ਜੁਲਾਈ ਨੂੰ ਆਮ ਦਿਨਾਂ ਵਾਂਗ ਉਸ ਨੇ ਆਪਣਾ ਮੋਟਰਸਾਈਕਲ ਪਲੈਟੀਨਾ ਰੰਗ ਕਾਲਾ, ਪੀ.ਬੀ. 56 ਈ 7278 ਨੂੰ ਪ੍ਰੀਤਮ ਰੀਅਲ ਅਸਟੇਟ ਦਫ਼ਤਰ ਬਾਹਰ ਖੜ੍ਹਾ ਕੀਤਾ ਸੀ, ਪ੍ਰੰਤੂ ਜਦੋਂ ਸ਼ਾਮ 6:30 ਵਜੇ ਦੇ ਕਰੀਬ ਉਸ ਨੇ ਘਰ ਨੂੰ ਵਾਪਿਸ ਜਾਣ ਲਈ ਆਪਣਾ ਮੋਟਰਸਾਈਕਲ ਦੇਖਿਆ ਤਾਂ ਉਹ ਉੱਥੋਂ ਗਾਇਬ ਸੀ। ਜਿਸ ’ਤੇ ਉਸ ਨੇ ਆਸ-ਪਾਸ ਕਾਫ਼ੀ ਭਾਲ ਕੀਤੀ, ਪ੍ਰੰਤੂ ਉਸ ਦਾ ਮੋਟਰਸਾਈਕਲ ਨਹੀਂ ਮਿਲਿਆ। ਜਿਸ ’ਤੇ ਉਸ ਵਲੋਂ ਇਸ ਚੋਰੀ ਦੀ ਘਟਨਾ ਸਬੰਧੀ ਪੁਲਿਸ ਥਾਣਾ ਸਿਟੀ ਰਾਏਕੋਟ ਨੂੰ ਸੂਚਿਤ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ 2 ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵਲੋਂ ਮੌਕਾ ਦੇਖਣ ਦਾ ਸਮਾਂ ਨਹੀਂ ਲੱਗਿਆ, ਪੁਲਿਸ ਦੀ ਅਜਿਹੀ ਲਾਪਰਵਾਹੀ ਕਾਰਨ ਹੀ ਚੋਰਾਂ ਦੇ ਹੌਂਸਲੇ ਵਧ ਗਏ ਹਨ । ਜਦੋਂ ਇਸ ਸਬੰਧੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਹੌਲਦਾਰ ਸੁਖਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਖਿਆ ਕਿ ਉਹ ਕਿਸੇ ਕੇਸ ਦੇ ਸਬੰਧ ਵਿਚ ਬਾਹਰ ਗਏ ਹੋਏ ਹਨ, ਇਸ ਲਈ ਉਹ ਮੌਕਾ ਦੇਖਣ ਨਹੀਂ ਆ ਸਕੇ, ਪਰ ਫਿਰ ਵੀ ਉਹ ਘਟਨਾ ਵਾਲੇ ਸਥਾਨ ਦੇ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲ ਕੇ ਚੋਰੀ ਦੀ ਵਾਰਦਾਤ ਬਾਰੇ ਕੋਈ ਸੁਰਾਗ ਲਗਾਉਣਗੇ।