10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕੋਰੀਅਰ ਕੰਪਨੀ ਦੀ ਮਹਿਲਾ ਕਰਮਚਾਰੀ ਨਾਲ ਕੁੱਟਮਾਰ ਦੇ ਮਾਮਲੇ ’ਚ ਹੋਟਲ ਕਾਰੋਬਾਰੀ ਮਨਮੋਹਨ ਕਤਿਆਲ ’ਤੇ ਕੱਸਿਆ ਕਾਨੂੰਨੀ ਸ਼ਿਕੰਜਾ ਸਿਟੀ ਪੁਲਿਸ ਨੇ ਅਦਾਲਤ ਦੇ ਹੁਕਮਾਂ ’ਤੇ ਘਰ ਦੇ ਬਾਹਰ ਭਗੌੜਾ ਕਰਾਰ ਦੇਣ ਦੀ ਕਾਰਵਾਈ ਸੰਬੰਧੀ ਨੋਟਿਸ ਚਿਪਕਾਇਆ

Ad Position 21
No active advertisement
ਅਜੀਤ ਡੈਸਕ 25-07-2026
ਜਗਰਾਉਂ, 24 ਜੁਲਾਈ (ਗੁਰਦੀਪ ਸਿੰਘ ਮਲਕ)-ਕਰੀਬ ਡੇਢ ਮਹੀਨਾ ਪਹਿਲਾਂ ਕੋਰੀਅਰ ਕੰਪਨੀ ਦੀ ਮਹਿਲਾ ਕਰਮਚਾਰੀ ਨਾਲ ਕੁੱਟਮਾਰ, ਧੱਕਾ-ਮੁੱਕੀ ਅਤੇ ਲੱਜਾ ਭੰਗ ਕਰਨ ਦੇ ਦੋਸ਼ਾਂ ਨਾਲ ਸ਼ੁਰੂ ਹੋਇਆ ਮਾਮਲਾ ਹੁਣ ਹੋਟਲ ਕਾਰੋਬਾਰੀ ਮਨਮੋਹਨ ਕਤਿਆਲ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਜਗਰਾਉਂ ਦੀ ਅਦਾਲਤ ਨੇ ਮਨਮੋਹਨ ਕਤਿਆਲ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਗਰਾਉਂ ਅਦਾਲਤ ਦੇ ਕੋਰਟ ਨੰਬਰ-1 ਦੀ ਮਹਿਲਾ ਜੱਜ ਸ੍ਰੀਮਤੀ ਸੁਮੁਖੀ ਵੱਲੋਂ ਜਾਰੀ ਹੁਕਮਾਂ ‘ਤੇ ਸਿਟੀ ਪੁਲਿਸ ਨੇ ਹੀਰਾ ਬਾਗ ਦੀ ਗਲੀ ਨੰਬਰ-6 ਸਥਿਤ ਉਸ ਦੀ ਆਲੀਸ਼ਾਨ ਕੋਠੀ ਦੇ ਬਾਹਰ ਨੋਟਿਸ ਚਿਪਕਾ ਦਿੱਤਾ। ਨੋਟਿਸ ਚਿਪਕਾਉਣ ਸਮੇਂ ਘਰ ਨੂੰ ਤਾਲਾ ਲੱਗਾ ਹੋਇਆ ਮਿਲਿਆ ਅਤੇ ਮੁਲਜ਼ਮ ਮੌਕੇ ‘ਤੇ ਮੌਜੂਦ ਨਹੀਂ ਸੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ ਨਿਰਧਾਰਤ ਕੀਤੀ ਹੈ ਅਤੇ ਮੁਲਜ਼ਮ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਜੇਕਰ ਮਨਮੋਹਨ ਕਤਿਆਲ ਇਸ ਦਿਨ ਅਦਾਲਤ ਵਿੱਚ ਪੇਸ਼ ਹੋ ਕੇ ਆਤਮ ਸਮਰਪਣ ਨਹੀਂ ਕਰਦਾ ਤਾਂ ਉਸ ਨੂੰ ਭਗੌੜਾ ਐਲਾਨਿਆ ਜਾ ਸਕਦਾ ਹੈ। ਇਸ ਤੋਂ ਬਾਅਦ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਰ ਸਖ਼ਤ ਹੋ ਜਾਵੇਗੀ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਸੈਸ਼ਨ ਅਦਾਲਤ ਪਹਿਲਾਂ ਹੀ ਮਨਮੋਹਨ ਕਤਿਆਲ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਕੋਰੀਅਰ ਕੰਪਨੀ ਦੀ ਮਹਿਲਾ ਕਰਮਚਾਰੀ ਕਰਮਜੀਤ ਕੌਰ ਹੀਰਾ ਬਾਗ ਦੀ ਗਲੀ ਨੰਬਰ-6 ਵਿੱਚ ਮਨਮੋਹਨ ਕਤਿਆਲ ਦੇ ਘਰ ਪਾਰਸਲ ਦੇਣ ਗਈ ਸੀ। ਦੋਸ਼ ਹੈ ਕਿ ਇਸ ਦੌਰਾਨ ਉਸ ਨਾਲ ਧੱਕਾ-ਮੁੱਕੀ, ਕੁੱਟਮਾਰ ਅਤੇ ਲੱਜਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਤੋਂ ਬਾਅਦ ਮਹਿਲਾ ਨੂੰ ਸਿਵਲ ਹਸਪਤਾਲ ਜਗਰਾਉਂ ਦਾਖ਼ਲ ਕਰਵਾਇਆ ਗਿਆ ਅਤੇ ਐੱਸ.ਐੱਸ.ਪੀ. ਦਫ਼ਤਰ ਤੇ ਥਾਣਾ ਸਿਟੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪ੍ਰਿੰਟ ਅਤੇ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਵਿੱਚ ਰਿਹਾ। ਜਾਂਚ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਮਨਮੋਹਨ ਕਤਿਆਲ ਖ਼ਿਲਾਫ਼ ਮਹਿਲਾ ਨਾਲ ਕੁੱਟਮਾਰ, ਧੱਕਾ-ਮੁੱਕੀ ਅਤੇ ਲੱਜਾ ਭੰਗ ਕਰਨ ਦੇ ਦੋਸ਼ਾਂ ਹੇਠ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਕਾਰਵਾਈ ਜਾਰੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਵਲੋਂ ਰੱਤੋਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਜਥਾ ਰਵਾਨਾ ਅਗਲੀ ਖ਼ਬਰ ਵਿਦਿਆਰਥੀਆਂ ’ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਕਿਸਾਨ ਆਗੂਆਂ ਨੇ ਨਿਖੇਧੀ ਕੀਤੀ
Ad Position 24