ਗੁਰੂਸਰ ਸੁਧਾਰ, 24 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵਲੋਂ ਅੱਜ ਪਿੰਡ ਰੱਤੋਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 48 ਯਾਤਰੀਆਂ ਦੇ ਜਥੇ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ੇਸ਼ ਬੱਸ ਰਾਹੀਂ ਰਵਾਨਾ ਕੀਤਾ ਗਿਆ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਪੂਰਾ ਸਨਮਾਨ ਕਰਦਿਆਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਫ਼ਲਤਾਪੂਰਵਕ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਰਾਹੀਂ ਸੂਬੇ ਦੇ ਹਜ਼ਾਰਾਂ ਸ਼ਰਧਾਲੂਆਂ ਨੂੰ ਦੇਸ਼ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਰਵਾਨਾ ਹੋਣ ਮੌਕੇ ਤੀਰਥ ਯਾਤਰੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਯੋਜਨਾ ਨੇ ਆਮ ਤੇ ਸਾਧਾਰਨ ਵਰਗ ਲੋਕਾਂ ਲਈ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਪਨਾ ਸਾਕਾਰ ਕੀਤਾ ਹੈ। ਇਸ ਸਮੇਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਾਲ ਚੇਅਰਮੈਨ ਰਾਜਦੀਪ ਸਿੰਘ ਆਂਡਲੂ, ਬਲਾਕ ਪ੍ਰਧਾਨ ਰਮੇਸ਼ ਜੈਨ, ਜ਼ਿਲ੍ਹਾ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਰੱਤੋਵਾਲ, ਸਰਪੰਚ ਰਵਿੰਦਰ ਸਿੰਘ ਕਲੇਰ ਆਦਿ ਸਮੇਤ ਹੋਰ ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ।