ਜਗਰਾਉਂ, 31 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਦੇ ਸੱਦੇ ’ਤੇ ਸ਼ਹੀਦ ਊਧਮ ਸਿੰਘ ਦੇ 87ਵੇਂ ਸ਼ਹੀਦੀ ਦਿਹਾੜੇ ’ਤੇ ਅੱਜ ਸਥਾਨਕ ਨਗਰ ਕੌਂਸਲ ਦਫ਼ਤਰ ’ਚ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸਫ਼ਾਈ ਸੇਵਕ ਯੂਨੀਅਨ ਦੇ ਸੰਘਰਸ਼ ਨਗਰ ਕੌਂਸਲ ਦਫ਼ਤਰ ਵਿਖੇ ਇਕੱਤਰ ਮਜ਼ਦੂਰ, ਕਿਸਾਨ, ਮੁਲਾਜ਼ਮ, ਪੈਨਸ਼ਨਰ ਐਸੋਸ਼ੀਏਸ਼ਨਾਂ ਦੇ ਵਰਕਰਾਂ ਨੇ ਸਭ ਤੋਂ ਪਹਿਲਾਂ ਜੁਲਾਈ ਮਹੀਨੇ ਦੇ ਸ਼ਹੀਦਾਂ ਸ਼ਹੀਦ ਊਧਮ ਸਿੰਘ, ਸ਼ਹੀਦ ਪ੍ਰਿਥੀਪਾਲ ਰੰਧਾਵਾ, ਸ਼ਹੀਦ ਅਵਤਾਰ ਸਿੰਘ ਢੁੱਡੀਕੇ ਅਤੇ ਕੁੱਝ ਦਿਨ ਪਹਿਲਾਂ ਵਿਛੋੜਾ ਦੇ ਗਏ ਕਿਸਾਨ ਆਗੂ ਹਰਦੇਵ ਸਿੰਘ ਸੰਧੂ ਨੂੰ ਦੋ ਮਿੰਟ ਲਈ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਸਮੂਹ ਜਥੇਬੰਦੀਆਂ ਦੇ ਆਗੂਆਂ ਨੇ ਨਾਅਰਿਆਂ ਦੀ ਗੂੰਜ ’ਚ ਸ਼ਹੀਦ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਟ ਕੀਤੀਆਂ। ਇਸ ਸਮੇਂ ਬੋਲਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਇੱਕੀ ਸਾਲਾਂ ਬਾਅਦ ਇੰਗਲੈਂਡ ਦੀ ਧਰਤੀ ’ਤੇ ਜਲ੍ਹਿਆਂ ਵਾਲਾ ਬਾਗ਼ ਦੇ ਖੂਨੀ ਕਾਂਡ ਦਾ ਬਦਲਾ ਲੈਣ ਵਾਲੇ ਊਧਮ ਸਿੰਘ ਉਰਫ਼ ਮੁਹੰਮਦ ਸਿੰਘ ਆਜ਼ਾਦ ਨੇ ਦੱਸ ਦਿੱਤਾ ਸੀ ਕਿ ਗੋਰਿਆਂ ਦੀ ਗੁਲਾਮੀ ਖ਼ਿਲਾਫ਼ ਜੰਗ ਲੜਦਿਆਂ ਭਾਵੇਂ ਕਿੰਨੇ ਹੀ ਯੋਧੇ ਫਾਂਸੀਆਂ ’ਤੇ ਲਟਕਾਏ ਗਏ ਪਰ ਅਣਖ ਅਤੇ ਆਜ਼ਾਦੀ ਦੀ ਸ਼ਮ੍ਹਾ ਨੂੰ ਕੋਈ ਵੀ ਜਰਵਾਣਾ ਬੁਝਾ ਨਹੀਂ ਸਕਿਆ। ਉਨ੍ਹਾਂ ਕਿਹਾ ਕਿ ਇਨਕਲਾਬੀ ਕੇਂਦਰ ਪੰਜਾਬ ਅਤੇ ਲੋਕ ਮੋਰਚਾ ਪੰਜਾਬ ਵੱਲੋਂ ਆਉਂਦੇ ਪੰਦਰਾਂ ਦਿਨ ਸੂਬੇ ਭਰ ’ਚ ਅਮਰੀਕਾ ਨਾਲ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸਮੂਹ ਹਾਜ਼ਰ ਜਥੇਬੰਦੀਆਂ ਦੇ ਆਗੂਆਂ ’ਚ ਸ਼ਾਮਿਲ ਸਫ਼ਾਈ ਸੇਵਕ ਯੂਨੀਅਨ/ ਮਿਉਂਸਪਲ ਵਰਕਰਜ ਯੂਨੀਅਨ ਦੇ ਸੂਬਾਈ ਆਗੂ ਕੁਲਦੀਪ ਸ਼ਰਮਾ, ਰਮੇਸ਼ ਗਾਇੜਵਾਦ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਦੇਸ਼ ’ਚ ਉਹੀ ਸਾਮਰਾਜਵਾਦ ਸਾਡਾ ਦੁਸ਼ਮਣ ਹੈ ਜਿਹੜਾ ਆਜ਼ਾਦੀ ਤੋਂ ਪਹਿਲਾਂ ਸਾਡਾ ਦੁਸ਼ਮਣ ਸੀ। ਉਨ੍ਹਾਂ ਕਿਹਾ ਕਿ ਇਸ ਲੋਕ ਦੋਖੀ ਪ੍ਰਬੰਧ ਨੂੰ ਬਦਲਣ ਦੀ ਲੜਾਈ ਅਸਲ ਵਿੱਚ ਸਾਡੀ ਕਿਰਤੀਆਂ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ, ਠੇਕੇਦਾਰੀ ਸਾਮਰਾਜਵਾਦ ਦੀ ਪੈਦਾਇਸ਼ ਹੈ, ਦੂਨੀਆਂ ਭਰ ’ਚ ਮੁਨਾਫ਼ੇ ਦੇ ਅੰਬਾਰ ਖੜ੍ਹੇ ਕਰਨ ਲਈ ਇਹ ਨਿਹੱਕੀਆਂ ਜੰਗਾਂ, ਰਾਜ ਪਲਟੇ ਅਸਲ ’ਚ ਸਾਮਰਾਜ ਦੀ ਯੁੱਧਨੀਤੀ ਹੈ ਜਿਸ ਖ਼ਿਲਾਫ਼ ਸਾਨੂੰ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਆਰ ਪਾਰ ਦੀ ਲੜਾਈ ਵਿੱਢਣੀ ਪਵੇਗੀ। ਇਸ ਸਮੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਕਿਹਾ ਕਿ ਅਸਲ ’ਚ ਮਜ਼ਦੂਰ ਜਮਾਤ ਨੂੰ ਇਹ ਸਮਝਣਾ ਪਵੇਗਾ ਕਿ ਇਸ ਲੋਕ ਦੋਖੀ ਪ੍ਰਬੰਧ ਨੂੰ ਮਜ਼ਦੂਰ ਕਿਸਾਨ ਏਕਤਾ ਦੀ ਮਜ਼ਬੂਤੀ ਤੇ ਜੰਗ ਹੀ ਬਦਲ ਸਕੇਗੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ, ਮੀਤ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਰਾਮ ਸਰਨ ਸਿੰਘ ਰਸੂਲਪੁਰ, ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਬਿੱਲਾ, ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦੇਵ ਰਾਜ, ਸਾਂਝਾ ਪੈਨਸ਼ਨਰਜ ਫਰੰਟ ਦੇ ਆਗੂ ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ, ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ, ਮੁਸਲਿਮ ਭਾਈਚਾਰੇ ਵਲੋਂ ਮੁਹੰਮਦ ਅਸ਼ਰਫ, ਸ਼ੇਖ ਜੁੰਮਣ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ, ਪ੍ਰਦੀਪ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ )ਦੇ ਆਗੂ ਮਦਨ ਸਿੰਘ, ਕਰਮ ਸਿੰਘ ਭੁਮਾਲ, ਹੁਕਮ ਰਾਜ ਦੇਹੜਕਾ, ਅਵਤਾਰ ਸਿੰਘ, ਚਰਨਜੀਤ ਸਿੰਘ ਸ਼ੇਖਦੌਲਤ, ਹਰਦੇਵ ਸਿੰਘ ਅਖਾੜਾ, ਜਸਵਿੰਦਰ ਸਿੰਘ ਭੁਮਾਲ, ਮਨਜਿੰਦਰ ਸਿੰਘ ਸਲੇਮਪੁਰਾ, ਕੁਲਵੰਤ ਸਿੰਘ ਗਾਲਿਬ, ਜਗਤ ਸਿੰਘ ਲੀਲਾ, ਜਗਜੀਤ ਸਿੰਘ ਸ਼ੇਰਪੁਰ ਖੁਰਦ, ਗੁਰਚਰਨ ਸਿੰਘ ਗੁਰੂਸਰ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਧਰਮ ਸਿੰਘ ਸੂਜਾਪੁਰ, ਮਾਸਟਰ ਭੁਪਿੰਦਰ ਸਿੰਘ, ਟੈਕਸੀ ਅਪਰੇਟਰ ਯੂਨੀਅਨ ਦੇ ਆਗੂ ਮੱਖਣ ਸਿੰਘ ਆਦਿ ਹਾਜ਼ਰ ਸਨ। ਸਮਾਗਮ ਉਪਰੰਤ ਸੈਂਕੜੇ ਮਜ਼ਦੂਰਾਂ ਕਿਸਾਨਾਂ ਨੇ ਸ਼ਹਿਰ ਦੀਆਂ ਸੜਕਾਂ ਤੇ ਯਾਦਗਾਰੀ ਮਾਰਚ ਕੀਤਾ। ਇਹ ਮਾਰਚ ਕਮਲ ਚੌਕ, ਲਾਜਪਤ ਰਾਏ ਰੋਡ, ਰੇਲਵੇ ਰੋਡ, ਲਿੰਕ ਰੋਡ, ਰਾਣੀ ਝਾਂਸੀ ਚੋਂਕ ਤੋਂ ਹੁੰਦਾ ਹੋਇਆ ਨਗਰ ਕੌਂਸਲ ਦਫ਼ਤਰ ਆ ਕੇ ਸਮਾਪਤ ਹੋਇਆ। ਮਾਰਚ ਦੌਰਾਨ ਵਰਕਰਾਂ ਨੇ ਸ਼ਹੀਦ ਊਧਮ ਸਿੰਘ ਦੀਆਂ ਤਸਵੀਰਾਂ ਅਤੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਰੱਦ ਕਰੋ ਦੇ ਬੈਨਰ ਉਠਾਏ ਹੋਏ ਸਨ।
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸਾਮਰਾਜ ਖ਼ਿਲਾਫ਼ ਜੰਗ ਤੇਜ਼ ਕਰਨ ਦਾ ਅਹਿਦ
ਅਜੀਤ ਡੈਸਕ
01-08-2026