ਮਹਿਫ਼ਲ-ਏ-ਅਦੀਬ ਵਲੋਂ ਪ੍ਰਵਾਸੀ ਲੇਖਕ ਨੀਟਾ ਮਾਛੀਕੇ ਦੀ ਕਿਤਾਬ ‘ਅਮਰੀਕੀ ਟਰੱਕਨਾਮਾ’ ਲੋਕ ਅਰਪਣ
ਜਗਰਾਉਂ, 12 ਸਤੰਬਰ (ਸਮਸ਼ੇਰ ਸਿੰਘ ਗਾਲਿਬ)- ਮਹਿਫ਼ਲ-ਏ-ਅਦੀਬ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਜਗਦੀਸ਼ਪਾਲ ਮਹਿਤਾ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਈ। ਜਿਸ ਵਿਚ ਮੁੱਖ ਸਲਾਹਕਾਰ ਡਾ.
ਜਗਰਾਉਂ, 12 ਸਤੰਬਰ (ਸਮਸ਼ੇਰ ਸਿੰਘ ਗਾਲਿਬ)- ਮਹਿਫ਼ਲ-ਏ-ਅਦੀਬ ਜਗਰਾਉਂ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਜਗਦੀਸ਼ਪਾਲ ਮਹਿਤਾ ਦੀ ਅਗਵਾਈ ਹੇਠ ਜਗਰਾਉਂ ਵਿਖੇ ਹੋਈ। ਜਿਸ ਵਿਚ ਮੁੱਖ ਸਲਾਹਕਾਰ ਡਾ. ਬਲਦੇਵ ਸਿੰਘ ਮੱਲ੍ਹਾ, ਪ੍ਰਿੰ. ਸਤਨਾਮ ਸਿੰਘ ਸਰਾਂ, ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ, ਚੰਦਨ ਮੋਹਨ ਸੂਦ, ਪ੍ਰੇਮ ਸਿੰਘ ਲੋਹਟ, ਪ੍ਰਮੋਦ ਚੰਦਰ, ਸ਼ਾਇਰ ਅਜੀਤ ਪਿਆਸਾ, ਕੁਲਦੀਪ ਸਿੰਘ ਚੌਹਾਨ, ਜੱਗੀ ਮਾਛੀਕੇ, ਰਛਪਾਲ ਸਿੰਘ ਚਕਰ, ਚਰਨਜੀਤ ਕੌਰ ਗਰੇਵਾਲ ਅਤੇ ਗਾਇਕ ਮਨੀ ਹਠੂਰ ਸ਼ਾਮਿਲ ਹੋਏ। ਮਹਿਫ਼ਲ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਨੂੰ ਵਧਾਈਆਂ ਦਿੱਤੀਆਂ। ਉਪਰੰਤ ਪ੍ਰਵਾਸੀ ਲੇਖਕ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਦੀ ਸਵੈ-ਜੀਵਨੀ ‘ਅਮਰੀਕੀ ਟਰੱਕਨਾਮਾ’ ਕਿਤਾਬ ਨੂੰ ਸਮੂਹ ਅਦੀਬਾਂ ਨੇ ਲੋਕ ਅਰਪਣ ਕੀਤਾ। ਜਸਵਿੰਦਰ ਸਿੰਘ ਛਿੰਦਾ ਨੇ ਕਿਤਾਬ ਸਬੰਧੀ ਬੋਲਦਿਆਂ ਕਿਹਾ ਕਿ ਉਕਤ ਕਿਤਾਬ ਜਿੱਥੇ ਵਿਦੇਸ਼ਾਂ ’ਚ ਪੰਜਾਬੀ ਡਾਇਰਵਰਾਂ ਦੀ ਜ਼ਿੰਦਗੀ, ਤਜਰਬਿਆਂ, ਘਟਨਾਵਾਂ ਨੂੰ ਬਿਆਨ ਕਰਦੀ ਹੈ। ਪ੍ਰਧਾਨ ਜਗਦੀਸ਼ਪਾਲ ਮਹਿਤਾ ਤੇ ਸਮੂਹ ਅਦੀਬਾਂ ਨੇ ਲੇਖਕ ਨੂੰ ਵਧਾਈਆਂ ਦਿੱਤੀਆਂ। ਰਚਨਾਵਾਂ ਦੇ ਦੌਰ ਦੌਰਾਨ ਗਾਇਨ ਮਨੀ ਹਠੂਰ ਨੇ ਆਪਣੀ ਬੁਲੰਦ ਆਵਾਜ਼ ’ਚ ਗੀਤ ‘ਜਦੋਂ ਵਿਛੜੇਂਗੀ ਪਤਾ ਲੱਗਜੂਗਾ’ ਗਾ ਕੇ ਰੰਗ ਬੰਨਿਆ। ਸ਼ਾਇਰ ਅਜੀਤ ਪਿਆਸਾ ਨੇ ਨਜ਼ਮ ‘ਤੁਹਾਨੂੰ ਸਭ ਪਤਾ ਜਾਂ ਫਿਰ ਜਾਣਬੁੱਝ ਕੇ ਬਣੇ ਹੋ ਘੁੱਗੂ’ ਰਾਹੀਂ ਸਮੇਂ ਦੇ ਰਾਜਸੀ ਹਾਲਾਤਾਂ ਨੂੰ ਪ੍ਰਗਟ ਕੀਤਾ। ਜਗਜੀਤ ਸਿੰਘ ਚੌਹਾਨ ਨੇ ‘ਮਾਂ ਦੀ ਲੋਰੀ, ਪਿਉ ਦੀ ਝਿੜਕ ਮਿਲਣੀ ਨਹੀਂ ਦੁਬਾਰਾ’ ਸੁਣਾ ਕੇ ਬਚਪਨ ਯਾਦ ਕਰਵਾਇਆ। ਪ੍ਰਮੋਦ ਚੰਦਰ ਨੇ ਹਾਸਰਸ ਕਵਿਤਾ ਸੁਣਾ ਕੇ ਮਾਹੌਲ ਖੁਸ਼ਗਵਾਰ ਬਣਾ ਦਿੱਤਾ। ਚਰਨਜੀਤ ਕੌਰ ਗਰੇਵਾਲ ਨੇ ‘ਅਮਰੀਕੀ ਟਰੱਕਨਾਮਾ’ ਦਾ ਮੁੱਖ ਬੰਦ ਪੜ੍ਹ ਕੇ ਸੁਣਾਇਆ। ਚੰਦਰ ਮੋਹਨ ਸੂਦ ਨੇ ਕਵਿਤਾ ‘ਸ਼ੋਰ’ ਸੁਣਾਈ।ਰਛਪਾਲ ਸਿੰਘ ਚਕਰ ਨੇ ‘ਸਾਡੇ ਕਾਰਨਾਮੇ ਦੇਖ ਕੇ ਤੂੰ ਵੀ ਚਲਾਕ ਹੋ ਗਿਆ ਸੱਜਣਾ’ ਕਵਿਤਾ ਸੁਣਾਈ। ਪ੍ਰੇਮ ਸਿੰਘ ਲੋਹਟ ਨੇ ਲੋਕ ਤੱਥ ਨੂੰ ਪੇਸ਼ ਕਰਦੀਆਂ ਬੋਲੀਆਂ ਸੁਣਾ ਕੇ ਚੰਗਾ ਰੰਗ ਬੰਨਿਆਂ। ਪ੍ਰਿੰ. ਸਤਨਾਮ ਸਿੰਘ ਸਰਾਂ ਨੇ ‘ਰੋਜ਼ ਰਾਤ ਨੂੰ ਫੁੱਟਪਾਥਾਂ ’ਤੇ ਸੌਂ ਕੇ ਝੱਟ ਲੰਘਾਉਂਦੇ ਹਾਂ’ ਸੁਣਾਈ। ਡਾ. ਬਲਦੇਵ ਸਿੰਘ ਮੱਲ੍ਹਾ ਨੇ ਉਕਤ ਕਿਤਾਬ ਨਾਲ ਸਬੰਧਤ ਵਿਦੇਸ਼ਾਂ ਅੰਦਰ ਪੰਜਾਬੀ ਡਰਾਇਵਿੰਗ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਂਦਿਆਂ ਲੇਖਕ ਨੂੰ ਵਧਾਈਆਂ ਦਿੱਤੀਆਂ। ਜਸਵਿੰਦਰ ਸਿੰਘ ਛਿੰਦਾ ਨੇ ਆਪਣੇ ਨਵੇਂ ਆ ਰਹੇ ਨਾਵਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਜੱਗੀ ਮਾਛੀਕੇ ਨੇ ਸਮੂਹ ਅਦੀਬਾਂ ਦਾ ਲੇਖਕ ਨੀਟਾ ਮਾਛੀਕੇ ਵਲੋਂ ਧੰਨਵਾਦ ਕੀਤਾ। ਆਖਿਰ ’ਚ ਪ੍ਰਧਾਨ ਜਗਦੀਸ਼ਪਾਲ ਮਹਿਤਾ ਨੇ ਜਿੱਥੇ ਆਪਣੀ ਗੀਤ ਰਚਨਾ ‘ਇਹਨੇ ਕਦੇ ਵੀ ਨਾ ਮੋੜਿਆ ਮੁਸੀਬਤਾਂ ਤੋਂ ਮੁੱਖ’ ਸੁਣਾਈ, ਉੱਥੇ ਉਨ੍ਹਾਂ ਨੇ ਸਮੂਹ ਅਦੀਬਾਂ ਦਾ ਧੰਨਵਾਦ ਕੀਤਾ।