ਪਾਕਿਸਤਾਨ ਵਿਚ ਹਵਾਲਾ ਰਾਹੀਂ ਭੇਜੀ ਕਰੋੜਾਂ ਦੀ ਰਾਸ਼ੀ ਮਾਮਲੇ ਵਿਚ ਕਾਬੂ ਕੀਤੇ ਜਗਰਾਉਂ ਦੇ ਵਪਾਰੀ ਨਾਲ ਸੰਬੰਧਿਤ ਸਨਸਨੀਖੇਜ ਖੁਲਾਸੇ, ਹੁਣ ਕਰੋੜਾਂ ਦੀਆਂ ਜਾਇਦਾਦਾਂ ਜਾਂਚ ਦੇ ਘੇਰੇ ’ਚ
ਜਗਰਾਉਂ, 8 ਅਕਤੂਬਰ (ਗੁਰਦੀਪ ਸਿੰਘ ਮਲਕ)-ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ’ਚ ਪਹੁੰਚਾਈ ਜਾ ਰਹੀ ਹੈਰੋਇਨ ਦੀ ਕਥਿਤ ਪੇਮੈਂਟ ਹਵਾਲਾ ਰਾਹੀਂ ਪਾਕਿਸਤਾਨ ਤੱਕ ਪਹੁੰਚਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਜਗਰਾਉਂ ਦੇ ਫੀਡ ਕਾਰੋਬਾਰੀ ਕਪਿਲ ਗਰਗ ਨਾਲ ਜੁੜੀ ਜਾਂਚ ਹੁਣ ਕਥਿਤ ਹਵਾਲਾ ਲੈਣ-ਦੇਣ ਤੋਂ ਅੱਗੇ ਵਧ ਕੇ ਉਸ ਦੇ ਕਾਰੋਬਾਰ, ਬੈਂਕਿੰਗ ਲੈਣ-ਦੇਣ ਅਤੇ ਜਾਇਦਾਦਾਂ ਤੱਕ ਪਹੁੰਚ ਗਈ ਹੈ। ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਖੁਫੀਆ ਵਿਭਾਗ ਵੱਲੋਂ ਕਰੀਬ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਰਿਪੋਰਟ ਭੇਜੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਜਗਰਾਉਂ, 8 ਅਕਤੂਬਰ (ਗੁਰਦੀਪ ਸਿੰਘ ਮਲਕ)-ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ’ਚ ਪਹੁੰਚਾਈ ਜਾ ਰਹੀ ਹੈਰੋਇਨ ਦੀ ਕਥਿਤ ਪੇਮੈਂਟ ਹਵਾਲਾ ਰਾਹੀਂ ਪਾਕਿਸਤਾਨ ਤੱਕ ਪਹੁੰਚਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਜਗਰਾਉਂ ਦੇ ਫੀਡ ਕਾਰੋਬਾਰੀ ਕਪਿਲ ਗਰਗ ਨਾਲ ਜੁੜੀ ਜਾਂਚ ਹੁਣ ਕਥਿਤ ਹਵਾਲਾ ਲੈਣ-ਦੇਣ ਤੋਂ ਅੱਗੇ ਵਧ ਕੇ ਉਸ ਦੇ ਕਾਰੋਬਾਰ, ਬੈਂਕਿੰਗ ਲੈਣ-ਦੇਣ ਅਤੇ ਜਾਇਦਾਦਾਂ ਤੱਕ ਪਹੁੰਚ ਗਈ ਹੈ। ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਖੁਫੀਆ ਵਿਭਾਗ ਵੱਲੋਂ ਕਰੀਬ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਸਬੰਧੀ ਰਿਪੋਰਟ ਭੇਜੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਰਿਪੋਰਟ ’ਚ ਕਥਿਤ ਵਿੱਤੀ ਨੈੱਟਵਰਕ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਦਾ ਜ਼ਿਕਰ ਹੋਣ ਦੀ ਜਾਣਕਾਰੀ ਹੈ। ਜਾਂਚ ਏਜੰਸੀਆਂ ਹੁਣ ਇਸ ਗੱਲ ਦੀ ਵੀ ਪੜਤਾਲ ਕਰ ਰਹੀਆਂ ਹਨ ਕਿ ਥੋੜ੍ਹੇ ਸਮੇਂ ਦੌਰਾਨ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਖਰੀਦਣ ਲਈ ਰਕਮ ਕਿੱਥੋਂ ਆਈ ਅਤੇ ਕੀ ਇਨ੍ਹਾਂ ਦਾ ਕੋਈ ਸਬੰਧ ਕਥਿਤ ਹਵਾਲਾ ਲੈਣ-ਦੇਣ ਨਾਲ ਹੈ। ਕਪੂਰ ਕਾਲੋਨੀ ਦਾ 3 ਕਰੋੜ ਦਾ ਪਲਾਟ ਵੀ ਜਾਂਚ ਦੇ ਘੇਰੇ ’ਚ ਸੂਤਰਾਂ ਅਨੁਸਾਰ ਕੱਚਾ ਮਲਕ ਰੋਡ ’ਤੇ ਸਥਿਤ ਕਪੂਰ ਕਾਲੋਨੀ ’ਚ ਕਰੀਬ 1000 ਗਜ਼ ਦਾ ਇੱਕ ਵੱਡਾ ਪਲਾਟ ਕਪਿਲ ਗਰਗ ਜਾਂ ਉਸ ਦੇ ਪਰਿਵਾਰ ਨਾਲ ਸਬੰਧਤ ਵਿਅਕਤੀ ਵੱਲੋਂ ਖਰੀਦੇ ਜਾਣ ਦੀ ਜਾਣਕਾਰੀ ਜਾਂਚ ਏਜੰਸੀਆਂ ਤੱਕ ਪਹੁੰਚੀ ਹੈ। ਇਸ ਜਾਇਦਾਦ ਦੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਪਹਿਲਾਂ ਦੋ ਵਿਅਕਤੀਆਂ ਦੇ ਨਾਂ ਸੀ ਅਤੇ ਦੋਵੇਂ ਪਲਾਟ ਕਰੀਬ 500-500 ਗਜ਼ ਦੇ ਸਨ। ਸੂਤਰਾਂ ਮੁਤਾਬਕ ਇਸ ਜ਼ਮੀਨ ’ਤੇ ਆਲੀਸ਼ਾਨ ਕੋਠੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਥੋੜ੍ਹੇ ਸਮੇਂ ’ਚ ਖਰੀਦੀਆਂ ਦੱਸੀਆਂ ਜਾ ਰਹੀਆਂ ਕਈ ਹੋਰ ਜਾਇਦਾਦਾਂ ਖੁਫੀਆ ਵਿਭਾਗ ਦੀ ਰਿਪੋਰਟ ’ਚ ਕਪਿਲ ਗਰਗ ਅਤੇ ਉਸ ਦੇ ਪਰਿਵਾਰ ਨਾਲ ਸਬੰਧਤ ਕਈ ਹੋਰ ਜਾਇਦਾਦਾਂ ਦਾ ਵੀ ਜ਼ਿਕਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਸਿੱਧਵਾਂ ਬੇਟ ਰੋਡ ’ਤੇ ਪਿੰਡ ਸਵੱਦੀ ਨੇੜੇ ਕਰੀਬ ਸਾਢੇ ਪੰਜ ਤੋਂ ਛੇ ਏਕੜ ਜ਼ਮੀਨ, ਆਦਰਸ਼ ਕਾਲੋਨੀ ’ਚ ਦੋ ਤੋਂ ਤਿੰਨ ਪਲਾਟ ਅਤੇ ਸ਼ੇਰਪੁਰਾ ਰੋਡ ’ਤੇ ਇੱਕ ਆਜ਼ਾਦੀ ਘੁਲਾਟੀਏ ਦੇ ਬਾਗ ਨੇੜੇ ਕਰੀਬ 9 ਕਨਾਲ ਜ਼ਮੀਨ ਪਰਿਵਾਰ ਨਾਲ ਸਬੰਧਤ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਸ਼ਾਸਤਰੀ ਨਗਰ ’ਚ ਆਲੀਸ਼ਾਨ ਕੋਠੀ ਅਤੇ ਪੁਰਾਣੀ ਦਾਣਾ ਮੰਡੀ ਚੌਕ ’ਚ ਵੱਡੀ ਦੁਕਾਨ ਨਾਲ ਸਬੰਧਤ ਜਾਇਦਾਦੀ ਲੈਣ-ਦੇਣ ਦਾ ਵੀ ਰਿਪੋਰਟ ’ਚ ਜ਼ਿਕਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਇਨ੍ਹਾਂ ਜਾਇਦਾਦਾਂ ਦੀਆਂ ਰਜਿਸਟਰੀਆਂ, ਖਰੀਦ ਦੀ ਤਾਰੀਖ, ਦਰਜ ਕੀਮਤ ਅਤੇ ਭੁਗਤਾਨ ਦੇ ਸਰੋਤ ਦੀ ਜਾਂਚ ਕੀਤੀ ਜਾ ਸਕਦੀ ਹੈ। ਫੀਡ ਫੈਕਟਰੀ ਦੀ ਕਰੋੜਾਂ ਦੀ ਬੈਂਕ ਲਿਮਟ ਵੀ ਜਾਂਚ ਅਧੀਨ ਜਾਂਚ ਦਾ ਇੱਕ ਹੋਰ ਅਹਿਮ ਪੱਖ ਫੀਡ ਫੈਕਟਰੀ ਦੇ ਕਾਰੋਬਾਰ ਲਈ, ਲਈ ਗਈ ਕਰੋੜਾਂ ਰੁਪਏ ਦੀ ਬੈਂਕ ਲਿਮਟ ਨਾਲ ਜੁੜਿਆ ਹੋਇਆ ਹੈ। ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੈਂਕ ਤੋਂ ਕੱਢੀ ਗਈ ਰਕਮ ਅਸਲ ਕਾਰੋਬਾਰ ’ਚ ਕਿੰਨੀ ਵਰਤੀ ਗਈ ਅਤੇ ਕੀ ਇਸ ਦਾ ਕੋਈ ਹਿੱਸਾ ਕਥਿਤ ਹਵਾਲਾ ਲੈਣ-ਦੇਣ ’ਚ ਵਰਤਿਆ ਗਿਆ ਸੀ। ਫੈਕਟਰੀ ਦੇ ਬੈਂਕ ਖਾਤਿਆਂ, ਲੇਜ਼ਰ, ਅਕਾਊਂਟਿੰਗ ਰਿਕਾਰਡ, ਬੈਂਕ ਟਰਾਂਜ਼ੈਕਸ਼ਨਾਂ ਅਤੇ ਹੋਰ ਵਿੱਤੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਦੱਸੀ ਜਾ ਰਹੀ ਹੈ। ਡੇਢ ਮਹੀਨਾ ਪਹਿਲਾਂ ਹੀ ਸਰਕਾਰ ਤੱਕ ਪਹੁੰਚੀ ਸੀ ਜਾਣਕਾਰੀ ਖੁਫੀਆ ਵਿਭਾਗ ਨਾਲ ਜੁੜੇ ਸੂਤਰਾਂ ਅਨੁਸਾਰ ਕਰੀਬ ਡੇਢ ਮਹੀਨਾ ਪਹਿਲਾਂ ਪੰਜਾਬ ਸਰਕਾਰ ਅਤੇ ਸਬੰਧਤ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ ਰਿਪੋਰਟ ’ਚ ਜਗਰਾਉਂ ’ਚ ਕਥਿਤ ਤੌਰ ’ਤੇ ਚੱਲ ਰਹੇ ਵੱਡੇ ਵਿੱਤੀ ਨੈੱਟਵਰਕ ਅਤੇ ਕੁਝ ਕਾਰੋਬਾਰੀਆਂ ਦੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ’ਚ ਕਰੀਬ ਚਾਰ ਕਾਰੋਬਾਰੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਹੋਣ ਅਤੇ ਕੈਨੇਡਾ, ਆਸਟ੍ਰੇਲੀਆ, ਯੂਕੇ ਤੇ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਨਾਲ ਕਥਿਤ ਵਿੱਤੀ ਲੈਣ-ਦੇਣ ਹੋਣ ਦੀ ਜਾਣਕਾਰੀ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ’ਚੋਂ ਇੱਕ ਕਾਰੋਬਾਰੀ ਦਾ ਮੋਬਾਈਲ ਨੰਬਰ ਪੁਲਿਸ ਨਿਗਰਾਨੀ ’ਚ ਹੋਣ ਦੀ ਵੀ ਜਾਣਕਾਰੀ ਹੈ। ਹਾਲਾਂਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਅਜੇ ਤੱਕ ਕੋਈ ਅਧਿਕਾਰਤ ਗ੍ਰਿਫ਼ਤਾਰੀ ਜਾਂ ਕਾਰਵਾਈ ਦੀ ਪੁਸ਼ਟੀ ਨਹੀਂ ਹੋਈ। 250 ਕਿਲੋ ਤੋਂ ਵੱਧ ਹੈਰੋਇਨ ਦੀ ਕਥਿਤ ਪੇਮੈਂਟ ਨਾਲ ਜੁੜੇ ਲੈਣ-ਦੇਣ ਦੀ ਜਾਂਚ ਜਾਂਚ ਏਜੰਸੀਆਂ ਵੱਲੋਂ 250 ਕਿਲੋ ਤੋਂ ਵੱਧ ਹੈਰੋਇਨ ਦੀ ਕਥਿਤ ਪੇਮੈਂਟ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਥਿਤ ਹਵਾਲਾ ਨੈੱਟਵਰਕ ਰਾਹੀਂ ਕਿੰਨੀ ਰਕਮ ਦਾ ਲੈਣ-ਦੇਣ ਹੋਇਆ ਅਤੇ ਇਸ ਤੋਂ ਹੋਈ ਕਮਾਈ ਨੂੰ ਕਿੱਥੇ ਵਰਤਿਆ ਗਿਆ। ਵਰਨਣਯੋਗ ਹੈ ਕਿ ਐੱਸ.ਟੀ.ਐੱਫ. ਅੰਮ੍ਰਿਤਸਰ ਵਲੋਂ ਕਾਬੂ ਕੀਤੇ ਕਪਿਲ ਗਰਗ ਦੇ ਪਿਤਾ ਨੂੰ ਐੱਸ.ਟੀ.ਐੱਫ ਅੰਮ੍ਰਿਤਸਰ ਵੱਲੋਂ 1 ਕਰੋੜ ਤੋ ਵੱਧ ਦੀ ਹਵਾਲਾ ਰਾਸੀ ਸਮੇਤ ਕਾਬੂ ਕੀਤਾ ਸੀ, ਉਸ ਸਮੇਂ ਵੀ ਖੁਲਾਸਾ ਹੋਇਆ ਸੀ ਕਿ ਇੰਨ੍ਹਾਂ ਵੱਲੋਂ ਡਰੱਗ ਮਨੀ ਹਵਾਲਾ ਰਾਸ਼ੀ ਰਾਹੀਂ ਪਾਕਿਸਤਾਨ ਭੇਜੀ ਗਈ ਸੀ, ਕਪਿਲ ਦਾ ਪਿਤਾ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਫਿਲਹਾਲ ਜਾਂਚ ਏਜੰਸੀਆਂ ਮਾਮਲੇ ਦੀਆਂ ਵੱਖ-ਵੱਖ ਕੜੀਆਂ ਨੂੰ ਜੋੜਨ ’ਚ ਜੁਟੀਆਂ ਹੋਈਆਂ ਹਨ। ਇਸੇ ਦੌਰਾਨ ਸ਼ਹਿਰ ਦੇ ਕੁਝ ਕਾਰੋਬਾਰੀਆਂ ਵੱਲੋਂ ਆਪਣੇ ਮੋਬਾਈਲ ਫ਼ੋਨ ਬੰਦ ਕਰਕੇ ਅੰਡਰਗਰਾਊਂਡ ਹੋਣ ਦੀ ਚਰਚਾ ਹੈ। ਇੰਨੇ ਵੱਡੇ ਨੈੱਟਵਰਕ ਦੀ ਸਥਾਨਕ ਪੁਲਿਸ ਨੂੰ ਆਖਿਰ ਕਿਉਂ ਨਹੀਂ ਲੱਗੀ ਭਿਣਕ? ਕਪਿਲ ਗਰਗ ਦੀ ਗ੍ਰਿਫ਼ਤਾਰੀ ਮਗਰੋਂ ਇਹ ਸਵਾਲ ਵੀ ਉੱਠ ਰਿਹਾ ਹੈ ਕਿ ਜੇਕਰ ਸ਼ਹਿਰ ’ਚ ਇੰਨੇ ਵੱਡੇ ਪੱਧਰ ’ਤੇ ਕਥਿਤ ਹਵਾਲਾ ਲੈਣ-ਦੇਣ ਚੱਲ ਰਿਹਾ ਸੀ ਤਾਂ ਸਥਾਨਕ ਪੁਲਿਸ ਨੂੰ ਇਸ ਦੀ ਜਾਣਕਾਰੀ ਪਹਿਲਾਂ ਕਿਉਂ ਨਹੀਂ ਮਿਲੀ। ਖਾਸ ਗੱਲ ਇਹ ਹੈ ਕਿ ਖੁਫੀਆ ਵਿਭਾਗ ਵੱਲੋਂ ਕਰੀਬ ਡੇਢ ਮਹੀਨਾ ਪਹਿਲਾਂ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਤੱਕ ਜਾਣਕਾਰੀ ਪਹੁੰਚਾਏ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਸਬੰਧੀ ਡੀ.ਐੱਸ.ਪੀ. ਸਿਟੀ ਜਸਵਿੰਦਰ ਸਿੰਘ ਢੀਂਡਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਛੁੱਟੀ ’ਤੇ ਸਨ ਅਤੇ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇੰਨੇ ਛੋਟੇ ਸ਼ਹਿਰ ’ਚ ਇੰਨਾ ਵੱਡਾ ਮਾਮਲਾ ਸਾਹਮਣੇ ਆਉਣਾ ਹੈਰਾਨੀਜਨਕ ਹੈ ਅਤੇ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ।