ਜੀ. ਟੀ. ਬੀ.-ਆਈ. ਐੱਮ. ਟੀ. ਦਾਖਾ ਦੇ ਵਿਦਿਆਰਥੀਆਂ ਏ. ਆਈ. ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਗਾਈ
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਜੀ. ਟੀ.
ਮੁੱਲਾਂਪੁਰ-ਦਾਖਾ, 23 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਜੀ. ਟੀ. ਬੀ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਆਈ.ਐੱਮ.ਟੀ.) ਦਾਖਾ (ਲੁਧਿ:) ਵਿਖੇ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਵਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤੇ ਆਧੁਨਿਕ ਤਕਨਾਲੋਜੀ ਨਾਲ ਤਿਆਰ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵਲੋਂ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲੇ ਕਈ ਆਧੁਨਿਕ ਮਾਡਲ ਪੇਸ਼ ਕੀਤੇ ਗਏ। ਇਨ੍ਹਾਂ ਵਿਚੋਂ ਸਮਾਰਟ ਡਸਟਬਿਨ ਨਾਲ ਸਵੱਛਤਾ ਅਤੇ ਆਟੋਮੇਸ਼ਨ ਦੀ ਬਿਹਤਰੀਨ ਮਿਸਾਲ ਪੇਸ਼ ਕੀਤੀ, ਜਦਕਿ ਰੋਬੋਟਿਕਸ ਆਰਮ ਨੇ ਉਦਯੋਗਿਕ ਖੇਤਰ ਵਿਚ ਮਸ਼ੀਨੀ ਕੰਮਾਂ ਦੀ ਸੌਖ ਨੂੰ ਦਰਸਾਇਆ। ਇਸ ਤੋਂ ਇਲਾਵਾ ਊਰਜਾ ਦੀ ਬੱਚਤ ਕਰਨ ਵਾਲਾ ਆਟੋਮੈਟਿਕ ਲਾਈਟ ਸਿਸਟਮ ਅਤੇ ਮਨੋਰੰਜਨ ਤੇ ਤਕਨੀਕ ਦੇ ਸੁਮੇਲ ਨੂੰ ਦਰਸਾਉਂਦਾ ਰੋਬੋ ਸੌਕਰ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਵਲੋਂ ਸਮਾਰਟ ਹੋਮ ਆਟੋਮੇਸ਼ਨ, ਫੇਸ ਰਿਕੋਗਨੀਸ਼ਨ ਸਿਸਟਮ, ਵਾਇਸ-ਕੰਟਰੋਲਡ ਰੋਬੋਟ, ਟ੍ਰੈਫਿਕ ਕੰਟਰੋਲ ਮਾਡਲ ਅਤੇ ਏ.ਆਈ. ਚੈਟਬੋਟ ਵਰਗੇ ਹੋਰ ਵੀ ਕਈ ਸ਼ਾਨਦਾਰ ਪ੍ਰਾਜੈਕਟ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਦੀ ਕਾਰਜਪ੍ਰਣਾਲੀ ਬਾਰੇ ਵਿਦਿਆਰਥੀਆਂ ਨੇ ਬੜੇ ਆਤਮ-ਵਿਸ਼ਵਾਸ ਨਾਲ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਡਾਇਰੈਕਟਰ ਡਾ. ਮਨੂਦੀਪ ਕੌਸ਼ਲ ਵਲੋਂ ਵਿਦਿਆਰਥੀਆਂ ਦੁਆਰਾ ਤਿਆਰ ਏ.ਆਈ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ। ਪ੍ਰਧਾਨ ਰਣਧੀਰ ਸਿੰਘ ਕਿਹਾ ਕਿ ਅਜੋਕਾ ਯੁੱਗ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦਾ ਯੁੱਗ ਹੈ। ਡਾਇਰੈਕਟਰ ਡਾ. ਮਨੂਦੀਪ ਕੌਸ਼ਲ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰੈਕਟੀਕਲ ਤਜਰਬਾ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਸਮੇਂ ਦੇ ਹਾਣੀ ਬਣ ਸਕਣ। ਜੀ.ਟੀ.ਬੀ ਆਈ.ਐੱਮ.ਟੀ ਦਾਖਾ ਵਿਖੇ ਏ.ਆਈ ਪ੍ਰਾਜੈਕਟਰ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ, ਤਕਨੀਕੀ ਹੁਨਰ ਅਤੇ ਨਵੀਨਤਾਕਾਰੀ ਸੋਚ ਨੂੰ ਉਤਸ਼ਾਹਿਤ ਕਰਨਾ ਸੀ।