ਇਲਾਕੇ 'ਚ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਚੋਰੀ ਦੀਆਂ ਵਾਰਦਾਤਾਂ
ਅਜੀਤ ਡੈਸਕ
05-01-2026
ਉੜਾਪੜ/ਲਸਾੜਾ, 4 ਜਨਵਰੀ (ਲਖਵੀਰ ਸਿੰਘ ਖੁਰਦ)-ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾ ਨਹੀ ਲੈ ਰਹੀਆਂ | ਅਜੇ ਇੱਕ ਰਾਤ ਪਹਿਲਾਂ ਹੀ ਚੱਕਦਾਨਾ-ਉੜਾਪੜ ਬੱਸ ਅੱਡੇ 'ਤੇ ਇੱਕ ਕੱਪੜੇ ਦੀ ਦੁਕਾਨ 'ਤੇ ਚੋਰਾਂ ਵਲੋਂ ਕੰਧ ਪਾੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ | ਉਥੇ ਬੀਤੀ ਰਾਤ ਪਿੰਡ ਖੁਰਦ ਵਿਖੇ ਘਰ ਦੇ ਅੱਗੇ ਤੋਂ ਹੀ ਚੋਰਾਂ ਵਲੋਂ ਇਕ ਸੂਣ ਵਾਲੀ ਮੱਝ ਅਤੇ ਇੱਕ ਝੌਟਾ ਚੋਰੀ ਕਰਨ ਦੀ ਘਟਨਾ ਤੋਂ ਲਗਦਾ ਹੈ ਕਿ ਚੋਰਾਂ ਨੂੰ ਉਕਾ ਹੀ ਕਿਸੇ ਦਾ ਡਰ-ਭੈਅ ਨਹੀ ਹੈ | ਪਸ਼ੂ ਚੋਰੀ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀ, ਇਕ ਮਹੀਨੇ ਦੇ ਅੰਦਰ-ਅੰਦਰ ਹੀ ਨੇੜੇ-ਤੇੜੇ ਦੇ ਕਈ ਪਿੰਡਾਂ ਵਿਚੋਂ ਪਸ਼ੂ ਚੋਰੀ ਹੋ ਚੁੱਕੇ ਹਨ | ਚੋਰੀ ਸਬੰਧੀ ਜਾਣਕਾਰੀ ਦਿੰਦਿਆ ਪਸ਼ੂਆਂ ਦੇ ਮਾਲਕ ਸਤਨਾਮ ਸਿੰਘ ਨੇ ਦੱੱਸਿਆ ਕਿ ਉਹਨਾਂ ਦੀ ਪਸ਼ੂਆਂ ਦੀ ਹਵੇਲੀ ਬਿਲਕੁਲ ਘਰ ਦੇ ਸਾਹਮਣੇ ਹੈ ਅਤੇ ਉਹਨਾਂ ਨੂੰ ਪਸ਼ੂ ਚੋਰੀ ਹੋਣ ਦਾ ਪਤਾ ਸਵੇਰੇ ਉਦੋਂ ਹੀ ਲਗਾ ਜਦੋਂ ਉਹ ਪਸ਼ੂਆਂ ਨੂੰ ਪੱਠੇ ਪਾਉਣ ਲਈ ਹਵੇਲੀ ਗਏ | ਉਹਨਾਂ ਕਿਹਾ ਕਿ ਦੋਨੋਂ ਪਸ਼ੂਆਂ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਹੋਵੇਗੀ | ਉਹਨਾਂ ਦੱਸਿਆ ਕਿ ਪੁਲਿਸ ਥਾਣਾ ਔੜ ਵਿਖੇ ਇਸ ਦੀ ਰਿਪੋਰਟ ਲਿਖਾ ਦਿੱਤੀ ਗਈ ਹੈ | ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਦੇ ਵੱਧਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ |