ਬੰਗਾ, 24 ਜਨਵਰੀ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ) - ਵਿਵੇਕ ਵਿਕਾਸ ਲਹਿਰ ਪੰਜਾਬ, ਮੁੱਖ ਦਫ਼ਤਰ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਗਿਆਨ ਵੰਡਣ ਦੀ ਮੁਹਿੰਮ, ਮੁਫ਼ਤ ਪੁਸਤਕਾਂ ਰਾਹੀਂ ਸ਼ੁਰੂ ਕੀਤੀ ਹੋਈ ਹੈ | ਇਸ ਲੜ੍ਹੀ ਤਹਿਤ ਸੰਸਥਾ ਵਲੋਂ ਸੋਲਵਾਂ ਸਮਾਗਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਿੰਡ ਸੱਲ੍ਹ ਕਲਾਂ ਵਿਖੇ ਕੀਤਾ ਗਿਆ | ਇਸ ਮੌਕੇ ਇੰਜੀ. ਜਸਵੀਰ ਸਿੰਘ ਮੋਰੋਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿਤਾਬਾਂ ਵੰਡਣ ਦਾ ਸਿਲਸਿਲਾ ਗਣਤੰਤਰ ਦਿਵਸ ਨੂੰ ਸਮਰਪਿਤ ਸਮਾਗਮ ਕਰਕੇ ਜਨਵਰੀ 2025 ਨੂੰ ਬੇਗੋਵਾਲ ਤੋਂ ਸ਼ੁਰੂ ਕੀਤਾ ਗਿਆ ਸੀ | ਹੁਣ ਤੱਕ ਲਗਪਗ ਇੱਕ ਲੱਖ ਰੁਪਏ ਦੇ ਮੁੱਲ ਦੀਆਂ ਕਿਤਾਬਾਂ ਮੁਫ਼ਤ ਵੰਡੀਆਂ ਗਈਆਂ ਹਨ | ਸੰਸਥਾ ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਯਤਨਸ਼ੀਲ ਹੈ | ਸਾਹਿਤ ਵਿਚਾਰਾਂ ਦੀ ਦਿਸ਼ਾ ਬਦਲਣ ਦੇ ਸਮਰੱਥ ਹੁੰਦਾ ਹੈ | ਚੰਗੀਆਂ ਕਿਤਾਬਾਂ ਚੰਗਾ ਮਾਹੌਲ ਸਿਰਸਣ ਵਿੱਚ ਸਾਕਾਰਾਤਮਕ ਭੂਮਿਕਾ ਨਿਭਾਉਂਦੀਆਂ ਹਨ | ਡਿਜੀਟਲ ਜ਼ਮਾਨੇ ਵਿੱਚ ਵੀ ਕਿਤਾਬਾਂ ਦੀ ਅਹਿਮੀਅਤ ਬਣੀ ਹੋਈ ਹੈ ਤੇ ਰਹੇਗੀ | ਇਸ ਮੌਕੇ ਸਕੂਲ ਇੰਚਾਰਜ ਸੁਰਿੰਦਰ ਕੌਰ, ਜਸਵੀਰ ਕੌਰ, ਸਰਬਜੀਤ ਕੌਰ ਆਂਗਣਵਾੜੀ ਵਰਕਰ, ਚਰਨਜੀਤ ਸੱਲ੍ਹਾਂ, ਕਮਲੇਸ਼ ਕੌਰ, ਇੰਦਰਜੀਤ ਕੌਰ, ਅਮਰੀਕ ਕੌਰ ਆਦਿ ਹਾਜ਼ਰ ਸਨ | ਅਧਿਆਪਕਾ ਸੁਰਿੰਦਰ ਕੌਰ ਨੇ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਸ਼ੁਰੂ ਕੀਤੀ ਗਈ ਮੁਫ਼ਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ਅਤੇ ਸਭਨਾਂ ਦਾ ਧੰਨਵਾਦ ਕੀਤਾ | ਸਮਾਗਮ ਦੇ ਅੰਤ 'ਚ ਸਮੂਹ ਵਿਦਿਆਰਥੀਆਂ ਨੂੰ ਗਿਆਨ, ਵਿਗਿਆਨ ਨਾਲ ਸਬੰਧਤ ਮੁਫ਼ਤ ਕਿਤਾਬਾਂ ਵੰਡੀਆਂ ਗਈਆਂ |