ਕਾਠਗੜ੍ਹ, 24 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪੀ.ਐਮ ਸ੍ਰੀ ਸਕੀਮ ਦੁਆਰਾ ਸੰਚਾਲਿਤ ਸਕੂਲ ਟਵਿਨਿੰਗ ਪ੍ਰੋਗਰਾਮ ਦੀ ਯੋਜਨਾ ਦੇ ਤਹਿਤ 'ਦ ਨੌਰਵੁੱਡ ਸਕੂਲ' ਦਾ ਇੱਕ ਵਿੱਦਿਅਕ ਦੌਰਾ ਕੀਤਾ ਗਿਆ | ਇਸ ਦੌਰੇ ਦਾ ਉਦੇਸ਼ ਵਿਭਿੰਨ ਅਧਿਆਪਨ ਸਿਖਲਾਈ ਵਿਧੀਆਂ ਦੇ ਨਾਲ-ਨਾਲ ਸਾਡੇ ਸਕੂਲ ਵਿੱਚ ਅਪਣਾਏ ਗਏ ਵਧੀਆ ਅਭਿਆਸਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ | ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀ, ਸ਼ੂਟਿੰਗ ਰੇਂਜ ਅਤੇ ਵੱਖ-ਵੱਖ ਖੇਡ ਦੇ ਮੈਦਾਨਾਂ ਬਾਰੇ ਜਾਣੂੰ ਕਰਵਾਇਆ ਗਿਆ | ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੇ ਕਲਾਸਰੂਮ ਅਧਿਆਪਨ ਅਤੇ ਡਿਜੀਟਲ ਸਰੋਤਾਂ ਜਿਵੇਂ ਕਿ ਆਰਟੀਫੀਸੀਅਲ ਇੰਟੈਲੀਜੈਂਸ (ਏ.ਆਈ) ਤੇ ਆਡੀਓ ਸਪੀਚ ਲੈਬ (ਏ. ਐੱਸ. ਲੈਬ) ਨੂੰ ਅਜੋਕੇ ਸਮੇਂ ਵਿੱਚ ਕਿਸ ਤਰਾਂ ਵਰਤਿਆ ਜਾ ਸਕਦਾ ਹੈ ਇਸ ਸਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ | ਇਸ ਤਰ੍ਹਾਂ ਇਸ ਦੌਰੇ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚਕਾਰ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕੀਤਾ | ਸਕੂਲ ਮੈਨੇਜਮੈਂਟ ਨੇ ਆਏ ਹੋਏ ਸਟਾਫ਼ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ |