ਸੜੋਆ/ਬਲਾਚੌਰ, 2 ਮਾਰਚ (ਹਰਮੇਲ ਸਹੂੰਗੜਾ, ਨਰੇਸ਼ ਧੌਲ)-ਬੀਤੇ ਕੱਲ ਬਲਾਚੌਰ ਪੁਲਿਸ ਨੂੰ ਦਿੱਤੇ ਗਏ ਬਿਆਨਾਂ ਅਨੁਸਾਰ ਬਲਦੇਵ ਸਿੰਘ ਪੁੱਤਰ ਸਵ. ਗੁਰਦਾਸ ਰਾਮ ਸੜੋਆ ਥਾਣਾ ਪੋਜੇਵਾਲ ਨੇ ਦੱਸਿਆ ਕਿ ਮੈਂ ਤੇ ਮੇਰਾ ਪਰਿਵਾਰ ਮੇਰੀ ਵੱਡੀ ਨੌਹ ਮੇਰੇ ਦੋਨੋਂ ਪੋਤਰੇ ਆਪਣੇ ਕਿਸੇ ਰਿਸ਼ਤੇਦਾਰੀ 'ਚ ਵਿਆਹ ਦੇ ਸਮਾਗਮ 'ਚ ਭੱਦੀ ਰੋਡ ਬਲਾਚੌਰ 'ਚ ਸਥਿਤ ਚੌਧਰੀ ਪੈਲਸ ਵਿਖੇ ਗਏ ਸਨ ਅਤੇ ਵੱਡੀ ਨੌਹ ਸੁਨੀਤਾ, ਵੱਡਾ ਪੋਤਰਾ ਤਰਨਜੀਤ ਸਿੰਘ ਤੇ ਛੋਟੇ ਮਹੋਨੀਸ਼ ਨਾਲ ਗਏ ਸਨ | ਉਸ ਵਿਆਹ ਸਮਾਗਮ ਵਿਚ ਹੈਵਨ ਚੌਧਰੀ ਪੁੱਤਰ ਨਰਿੰਦਰ ਵਾਸੀ ਧੱਕਧਾਣਾ ਥਾਣਾ ਬਲਾਚੌਰ ਅਤੇ ਜਗਦੀਸ਼ ਉਰਫ ਜੋਨੀ ਪੁੱਤਰ ਦਰਸ਼ਨ ਲਾਲ ਵਾਸੀ ਰੁਦਰਪੁਰ ਜ਼ਿਲ੍ਹਾ ਊਧਮ ਸਿੰਘ ਨਗਰ ਉੱਤਰਾਖੰਡ ਵੀ ਉੱਥੇ ਆਏ ਹੋਏ ਸਨ | ਮੇਰਾ ਪੋਤਰਾ ਤਰਨਜੀਤ ਸਿੰਘ ਪਾਰਕਿੰਗ 'ਚੋਂ ਖੜੀ ਗੱਡੀ ਚੋਂ ਕੋਈ ਜ਼ਰੂਰੀ ਸਮਾਨ ਲੈਣ ਲਈ ਗਿਆ, ਮੈਂ ਵੀ ਉਸ ਦੇ ਪਿੱਛੇ ਜਾ ਰਿਹਾ ਸੀ ਮੇਰਾ ਪੋਤਰਾ ਤਰਨਜੀਤ ਸਿੰਘ ਪੈਲਸ ਦੇ ਦਫ਼ਤਰ ਦੇ ਬਾਹਰਲੇ ਪਾਸੇ ਪਾਰਕਿੰਗ ਦੇ ਪਿਛਲੇ ਪਾਸੇ ਗੇਟ ਕੋਲ ਪੁੱਜਾ ਜਿੱਥੇ ਪਹਿਲੇ ਹੀ ਇਕ ਟੇਬਲ 'ਤੇ ਦੋ ਲੜਕੇ ਬੈਠੇ ਸਨ | ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਨੇ ਦੱਸਿਆ ਕਿ ਸ਼ਾਮ 5 ਵਜੇ ਦੀ ਘਟਨਾ ਹੈ ਅਤੇ ਉੱਥੇ ਮੌਜੂਦ ਹੈਵਨ ਚੌਧਰੀ ਨੇ ਸ਼ਰਾਰਤੀ ਅੰਦਾਜ਼ ਨਾਲ ਮੇਰੇ ਪੋਤਰੇ ਤਰਨਜੀਤ ਸਿੰਘ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ, ਜਦੋਂ ਮੇਰਾ ਪੋਤਰਾ ਉਨ੍ਹਾਂ ਕੋਲ ਗਿਆ ਤਾਂ ਉਕਤ ਦੋਨੋਂ ਵਿਅਕਤੀਆਂ ਵਲੋਂ ਮੇਰੇ ਪੋਤਰੇ ਨੂੰ ਗਾਲੀ-ਗਲੋਚ ਕਰਨ ਲੱਗ ਪਏ ਤਾਂ ਮੇਰੇ ਦੇਖਦਿਆ-ਦੇਖਦਿਆ ਹੀ ਹੈਵਨ ਚੌਧਰੀ ਨੇ ਆਪਣੇ ਡੱਬ ਵਿਚੋਂ ਹਥਿਆਰ ਕੱਢ ਕੇ ਮੇਰੇ ਪੋਤਰੇ 'ਤੇ ਫਾਇਰ ਕਰ ਦਿੱਤਾ ਜੋ ਕਿ ਮੇਰੇ ਪੋਤਰੇ ਦੇ ਪੇਟ ਵਿਚ ਜਾ ਲੱਗਾ ਅਤੇ ਤਰਨਜੀਤ ਜ਼ਮੀਨ 'ਤੇ ਡਿੱਗ ਗਿਆ ਅਤੇ ਲਹੂ-ਲਹਾਣ ਹੋ ਗਿਆ ਤੇ ਉੱਚੀ-ਉੱਚੀ ਰੌਲਾ ਪਾਇਆ ਮੈਨੂੰ ਬਚਾਓ, ਮੈਨੂੰ ਬਚਾਓ | ਉਕਤ ਦੋਨੋਂ ਵਿਅਕਤੀ ਮੌਕੇ 'ਤੇ ਫਰਾਰ ਹੋ ਗਏ | ਪੈਲਸ ਵਿਚ ਪਹੁੰਚੇ ਹੋਏ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਤਰਨਜੀਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਚੁੱਕ ਕੇ ਨਵਾਂਸ਼ਹਿਰ ਦੇ ਕਿਸੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ | ਡਾਕਟਰਾਂ ਵਲੋਂ ਚੈੱਕ ਕਰਨ ਉਪਰੰਤ ਉਸ ਨੂੰ ਮਿ੍ਕਤ ਐਲਾਨ ਦਿੱਤਾ ਅਤੇ ਮੌਕੇ 'ਤੇ ਪੁਲਿਸ ਪਾਰਟੀ ਵੱਲੋਂ ਥਾਣਾ ਸਿਟੀ ਬਲਾਚੌਰ ਵਿਖੇ ਦੋਨਾਂ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ | ਦਾਦਾ ਬਲਦੇਵ ਸਿੰਘ ਵਲੋਂ ਇਹ ਵੀ ਦੱਸਿਆ ਗਿਆ ਕਿ ਤਰਨਜੀਤ ਪਿਛਲੇ ਸਾਲ ਅਮਰੀਕਾ ਤੋਂ ਡੀਪੋਰਟ ਹੋ ਕੇ ਇੰਡੀਆ ਆਇਆ ਸੀ ਅਤੇ ਬਾਪ ਦੇ ਬਿਮਾਰ ਰਹਿਣ ਕਾਰਨ ਘਰ ਦਾ ਖੇਤੀਬਾੜੀ ਦਾ ਸਾਰਾ ਕੰਮ ਕਰਦਾ ਸੀ, ਉਸ ਦੀ ਕਿਸੇ ਨਾਲ ਕੋਈ ਵੀ ਨਿੱਜੀ ਦੁਸ਼ਮਣੀ ਨਹੀਂ ਸੀ | ਮਿ੍ਤਕ ਦੀ ਮਾਤਾ ਅਤੇ ਸਾਰਾ ਪਰਿਵਾਰ ਬਹੁਤ ਹੀ ਸਦਮੇ ਵਿਚ ਹੋਣ ਕਰਕੇ ਪਰਿਵਾਰ ਦਾ ਵਿਰਲਾਪ ਨਹੀਂ ਦੇਖਿਆ ਜਾ ਰਿਹਾ ਹੈ | ਇਸ ਮੌਤ ਦੀ ਖ਼ਬਰ ਸੁਣ ਕੇ ਸੜੋਆ ਅਤੇ ਆਸ-ਪਾਸ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ | ਮਿ੍ਤਕ ਤਰਨਜੀਤ ਸਿੰਘ ਦਾ ਰਿਸ਼ਤੇਦਾਰ ਤੇ ਹੋਰ ਪਰਿਵਾਰਕ ਮੈਂਬਰ ਦੋਸਤਾਂ-ਮਿੱਤਰਾਂ ਦੀ ਹਾਜਰੀ 'ਚ ਪਿੰਡ ਸੜੋਆ ਦੇ ਸ਼ਮਸ਼ਾਨ ਭੂਮੀ 'ਚ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ | ਇਸ ਮੌਕੇ ਦਾਦਾ ਬਲਦੇਵ ਸਿੰਘ ਕੋਲ ਇਲਾਕੇ ਦੇ ਲੋਕ, ਮਿੱਤਰ-ਸੱਜਣ, ਰਿਸ਼ਤੇਦਾਰ ਭਾਰੀ ਗਿਣਤੀ ਵਿੱਚ ਦੁੱਖ ਵੰਡਾਉਣ ਪਹੁੰਚੇ ਹੋਏ ਸਨ |