ਮੁਕੰਦਪੁਰ, 7 ਮਾਰਚ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਚ ਪ੍ਰਸਿੱਧ ਨਿਰਦੇਸ਼ਕ ਡਾ. ਲੱਖਾ ਲਹਿਰੀ ਤੇ ਡਾ. ਇੰਦਰਜੀਤ ਕੌਰ ਗੋਲਡੀ ਦੀ ਰਹਿਨੁਮਾਈ ਹੇਠ ਸਾਰਥਿਕ ਰੰਗਮੰਚ ਪਟਿਆਲਾ ਵਲੋਂ ਇਕ ਸੋਲੋ ਨਾਟਕ 'ਪੀੜ੍ਹੀ ਦਰ ਪੀੜ੍ਹੀ' ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਐੱਸ.ਸੀ. ਕਮਿਸ਼ਨ ਦੀ ਵਾਈਸ ਚੇਅਰਪਰਸਨ ਹਰਜੋਤ ਕੌਰ ਲੋਹਟੀਆ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ | ਇਸ ਪ੍ਰੋਗਰਾਮ ਵਿਚ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ | ਨਾਟਕ ਵਿਚ ਸਮਾਜ ਵਿਚ ਆ ਰਹੀਆਂ ਪੀੜ੍ਹੀਆਂ ਦੇ ਵਿਚਕਾਰ ਵਿਚਾਰਾਂ ਦੇ ਫ਼ਰਕ ਅਤੇ ਸਮਾਜਕ ਮੁੱਦਿਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ | ਨਾਟਕ ਵਿੱਚ ਮੁੱਖ ਪਾਤਰ ਕਰਮਨ ਸਿੱਧੂ ਨੇ ਵੱਖ-ਵੱਖ ਕਿਰਦਾਰਾਂ ਨੂੰ ਆਪ ਹੀ ਬਹੁਤ ਸੁੰਦਰ ਢੰਗ ਨਾਲ ਨਿਭਾਇਆ, ਜਿਸ ਨਾਲ ਦਰਸ਼ਕ ਕਾਫ਼ੀ ਪ੍ਰਭਾਵਿਤ ਹੋਏ | ਨਿਰਦੇਸ਼ਕ ਡਾ. ਲੱਖਾ ਲਹਿਰੀ ਨੇ ਵਿਦਿਆਰਥੀਆਂ ਨੂੰ ਨਾਟਕ ਕਲਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਕਲਾ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਨੇ ਮੁੱਖ ਪਾਤਰ ਵਲੋਂ ਨਿਭਾਏ ਗਏ ਕਿਰਦਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਾਲਜ ਵਲੋਂ ਨਾਟਕ ਦੀ ਪੂਰੀ ਟੀਮ ਨੂੰ ਯਾਦ-ਚਿੰਨ ਭੇਟ ਕਰਕੇ ਸਨਮਾਨਿਤ ਕੀਤਾ | ਅੰਤ ਵਿੱਚ ਪੀ.ਟੀ.ਏ. ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਢੀਂਡਸਾ ਨੇ ਕਾਲਜ ਆਉਣ 'ਤੇ ਪੂਰੀ ਟੀਮ ਦਾ ਧੰਨਵਾਦ ਕੀਤਾ | ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਰੰਗਮੰਚੀ ਪ੍ਰੋਗਰਾਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ | ਇਸ ਸਮੁੱਚੇ ਪ੍ਰੋਗਰਾਮ ਦਾ ਆਯੋਜਨ ਅਤੇ ਸੰਚਾਲਨ ਡਾ. ਨਿਰਦੋਸ਼ ਕੌਰ ਨੇ ਬਾਖ਼ੂਬੀ ਕੀਤਾ |